#PUNJAB

ਦਿੱਲੀ ਤੇ ਚੰਡੀਗੜ੍ਹ ਵਿਚੋਂ ਅਕਾਸ਼ਵਾਣੀ ‘ਤੇ ਨਹੀਂ ਪੜ੍ਹੀਆਂ ਜਾਣਗੀਆਂ ਪੰਜਾਬੀ ਦੀਆਂ ਖ਼ਬਰਾਂ

ਜਲੰਧਰ, 27 ਮਈ (ਪੰਜਾਬ ਮੇਲ)- ਅਕਾਸ਼ਵਾਣੀ ਵੱਲੋਂ ਦੇਸ਼ ਤੇ ਪੰਜਾਬ ਦੀਆਂ ਰਾਜਧਾਨੀਆਂ ਵਿਚੋਂ ਪੰਜਾਬੀ ਦੀਆਂ ਖ਼ਬਰਾਂ ਦਾ ਬੁਲੇਟਿਨ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਅਕਾਸ਼ਵਾਣੀ ‘ਤੇ ਪਿਛਲੇ 70 ਸਾਲ ਤੋਂ ਵੱਧ ਸਮੇਂ ਤੋਂ ਪੰਜਾਬੀ ਦੀਆਂ ਖ਼ਬਰਾਂ ਪੜ੍ਹੀਆਂ ਜਾਂਦੀਆਂ ਸਨ ਤੇ ਚੰਡੀਗੜ੍ਹ ਤੋਂ 55 ਸਾਲ ਤੋਂ ਪੰਜਾਬੀ ਦੀਆਂ ਖ਼ਬਰਾਂ ਪੜ੍ਹੀਆਂ ਜਾਂਦੀਆਂ ਸਨ। ਦਿੱਲੀ ਤੇ ਚੰਡੀਗੜ੍ਹ ਵਿਚ ਪੰਜਾਬੀ ਸੈਕਸ਼ਨ ਵਿਚ ਕੰਮ ਕਰਦੇ ਸਟਾਫ਼ ਨੂੰ ਜਲੰਧਰ ਅਕਾਸ਼ਵਾਣੀ ਕੇਂਦਰ ਭੇਜਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।
ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਚੱਲਦੇ ਪ੍ਰਸਾਰ ਭਾਰਤੀ ਨੇ ਦਿੱਲੀ ਤੇ ਚੰਡੀਗੜ੍ਹ ਵਿਚ ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਵਾਲੇ ਸਟਾਫ ਨੂੰ 14 ਮਈ ਨੂੰ ਜਲੰਧਰ ਜਾਣ ਦੇ ਹੁਕਮ ਸੁਣਾ ਦਿੱਤੇ ਸਨ, ਜਿਸ ਕਾਰਨ ਸਟਾਫ ਮੈਂਬਰਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ।
ਪੰਜਾਬੀ ਸੱਥ ਦੇ ਪ੍ਰਧਾਨ ਡਾ. ਨਿਰਮਲ ਸਿੰਘ ਲਾਂਬੜਾ ਤੇ ਮੋਤਾ ਸਿੰਘ ਸਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਇਹ ਬਹੁਤ ਵੱਡਾ ਧੱਕਾ ਹੈ। ਦਿੱਲੀ ਵਿਚ ਪੰਜਾਬੀਆਂ ਦੀ ਵੱਡੀ ਵਸੋਂ ਹੈ ਤੇ ਉਨ੍ਹਾਂ ਦੀ ਆਪਣੀ ਜ਼ੁਬਾਨ ਪੰਜਾਬੀ ਨੂੰ ਹੀ ਉਥੋਂ ਰੁਖ਼ਸਤ ਕਰ ਦੇਣਾ ਦੇਸ਼ ਦੇ ਲੋਕਤੰਤਰ ਨਾਲ ਕੋਝਾ ਮਜ਼ਾਕ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਬਾਰੇ ਕਹਿਣਗੇ ਅਤੇ ਰਾਜ ਸਭਾ ਵਿਚ ਇਸ ਨੂੰ ਮੌਨਸੂਨ ਸੈਸ਼ਨ ਵਿਚ ਵੀ ਉਠਾਉਣਗੇ।

Leave a comment