#INDIA

ਦਿੱਲੀ ਅਦਾਲਤ ਵਲੋਂ ਮੇਧਾ ਪਾਟੇਕਰ ਦੀ ਅਪੀਲ ਖ਼ਾਰਜ, ਸਜ਼ਾ ਬਰਕਰਾਰ ਰੱਖੀ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਮੇਲ)- ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਨੂੰ ਦਿੱਲੀ ਦੀ ਸਾਕੇਤ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ ‘ਚ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟੇਕਰ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਵਿਸ਼ਾਲ ਸਿੰਘ ਨੇ ਮੇਧਾ ਪਾਟੇਕਰ ਨੂੰ 18 ਅਪ੍ਰੈਲ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਉਸੇ ਦਿਨ ਸਜ਼ਾ ਘਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਆਪਣਾ ਫ਼ੈਸਲਾ ਦੇ ਸਕਦੀ ਹੈ। ਵਧੀਕ ਸੈਸ਼ਨ ਜੱਜ ਵਿਸ਼ਾਲ ਸਿੰਘ ਨੇ ਕਿਹਾ ਕਿ ਅਪੀਲ ਖ਼ਾਰਜ ਕੀਤੀ ਜਾਂਦੀ ਹੈ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਅਪੀਲਕਰਤਾ ਨੂੰ ਸਜ਼ਾ ਸੁਣਾਉਣ ਲਈ ਨਿੱਜੀ ਤੌਰ ‘ਤੇ ਪੇਸ਼ ਹੋਣਾ ਪਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 5 ਮਾਰਚ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸਾਕੇਤ ਅਦਾਲਤ ਨੇ ਪੰਜ ਮਹੀਨੇ ਦੀ ਸਾਧਾਰਨ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਸੀ, ਜਿਸ ਦੇ ਖ਼ਿਲਾਫ਼ ਮੇਧਾ ਪਾਟੇਕਰ ਨੇ ਸੈਸ਼ਨ ਕੋਰਟ ‘ਚ ਅਪੀਲ ਦਾਇਰ ਕੀਤੀ ਸੀ।