14 C
Sacramento
Tuesday, March 28, 2023
spot_img

ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਵੀ ਵੱਧ ਸਕਦੈ ਮੌਤਾਂ ਦਾ ਅੰਕੜਾ

-ਤੁਰਕੀ ‘ਚ ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ; 98 ਗ੍ਰਿਫ਼ਤਾਰ
ਅੰਕਾਰਾ, 13 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ‘ਚ 5 ਦਿਨ ਪਹਿਲਾਂ ਆਏ ਜ਼ਬਰਦਸਤ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 33,000 ਨੂੰ ਪਾਰ ਕਰ ਗਈ ਹੈ ਅਤੇ ਹੋਰ ਬਚੇ ਲੋਕਾਂ ਨੂੰ ਲੱਭਣ ਦੀ ਵਧਦੀ ਉਮੀਦ ਦੇ ਵਿਚਾਲੇ ਬਚਾਅ ਕਾਰਜ ਜਾਰੀ ਹਨ। ਭੂਚਾਲ ਤੋਂ ਬਾਅਦ ਜਾਨ ਬਚਾਉਣ ਲਈ ਬਚਾਅ ਕਰਮਚਾਰੀ ਕੜਾਕੇ ਦੀ ਠੰਡ ਵਿਚ ਲਗਾਤਾਰ ਕੰਮ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਮਦਦ ਭੇਜਣ ਵਾਲੀ ਯੂਨਿਟ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ, ”ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 50,000 ਨੂੰ ਪਾਰ ਕਰ ਸਕਦੀ ਹੈ, ਜਿਵੇਂ-ਜਿਵੇਂ ਮਲਬਾ ਹਟਾਇਆ ਜਾਵੇਗਾ, ਲਾਸ਼ਾਂ ਬਰਾਮਦ ਕੀਤੀਆਂ ਜਾਣਗੀਆਂ। ਬਚਾਅ ਕਾਰਜ ਅੰਤਿਮ ਪੜਾਅ ‘ਤੇ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਨੂੰ ਕਦੋਂ ਰੋਕਿਆ ਜਾਣਾ ਚਾਹੀਦਾ ਹੈ।”
ਬਚਾਅ ਮੁਹਿੰਮ ਦੌਰਾਨ ਸ਼ਨੀਵਾਰ ਨੂੰ 12 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਵਾਰ-ਵਾਰ ਬੇਹੋਸ਼ ਹੋ ਰਹੇ ਇਬਰਾਹਿਮ ਜ਼ਕਰੀਆ ਨਾਂ ਦਾ ਵਿਅਕਤੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਆਪਣੇ ਘਰ ਦੇ ਮਲਬੇ ਹੇਠਾਂ ਦੱਬਿਆ ਹੋਇਆ ਸੀ। ਸ਼ਨੀਵਾਰ ਦੇ ਭੂਚਾਲ ਤੋਂ ਬਾਅਦ ਬਚਾਏ ਗਏ ਲੋਕਾਂ ਵਿਚ ਅੰਤਾਕਿਆ ‘ਚ ਇਕ 7 ਮਹੀਨੇ ਦਾ ਬੱਚਾ ਅਤੇ ਕਾਹਰਾਮਨਮਾਰਸ ਵਿਚ ਇਕ ਪਰਿਵਾਰ ਸ਼ਾਮਲ ਹੈ। ਟੈਲੀਵਿਜ਼ਨ ਨੈੱਟਵਰਕ ਹੈਬਰਟੁਰਕ ਨੇ ਦੱਸਿਆ ਕਿ ਸੀਰੀਆ ਦੀ ਸਰਹੱਦ ਨਾਲ ਲੱਗਦੇ ਗਾਜ਼ੀਅਨਟੇਪ ਸੂਬੇ ਦੇ ਨੂਰਦਾਗੀ ਸ਼ਹਿਰ ਵਿਚ 5 ਮੈਂਬਰਾਂ ਦੇ ਇਕ ਪਰਿਵਾਰ ਨੂੰ ਇਕ ਇਮਾਰਤ ਦੇ ਮਲਬੇ ‘ਚੋਂ ਬਚਾਇਆ ਗਿਆ। ਇਸਲਾਹੀਏ ਕਸਬੇ ਵਿਚ ਇਕ ਵਿਅਕਤੀ ਅਤੇ ਉਸ ਦੀ 3 ਸਾਲ ਦੀ ਧੀ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ।
ਹਤਾਏ ਸੂਬੇ ਵਿਚ ਇਕ 7 ਸਾਲ ਦੀ ਬੱਚੀ ਨੂੰ ਬਚਾਇਆ ਗਿਆ। ਇਲਬਿਸਤਾਨ ਵਿਚ 20 ਸਾਲਾ ਮੇਲਿਸਾ ਉਲਕੂ ਅਤੇ ਇਕ ਹੋਰ ਵਿਅਕਤੀ ਨੂੰ 132 ਘੰਟਿਆਂ ਤੱਕ ਮਲਬੇ ਹੇਠ ਦੱਬੇ ਰਹਿਣ ਤੋਂ ਬਾਅਦ ਬਚਾ ਲਿਆ ਗਿਆ। ਤੁਰਕੀ ਦੇ ਟੀ.ਵੀ. ਸਟੇਸ਼ਨ ਐੱਨ.ਟੀ.ਵੀ. ਨੇ ਦੱਸਿਆ ਕਿ ਹਤਾਏ ਸੂਬੇ ਦੇ ਇਸਕੇਂਡਰੁਨ ਵਿਚ 138 ਘੰਟਿਆਂ ਤੱਕ ਮਲਬੇ ਹੇਠ ਫਸੇ ਇਕ 44 ਸਾਲਾ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਬਚਾਅ ਕਰਮਚਾਰੀਆਂ ਨੇ ਇਸ ਨੂੰ ਚਮਤਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੂੰ ਲੱਭਣ ਦੀ ਉਮੀਦ ਨਹੀਂ ਸੀ ਪਰ ਉਹ ਖੁਦਾਈ ਕਰਦੇ ਰਹੇ ਅਤੇ ਇਕ ਵਿਅਕਤੀ ਦੀਆਂ ਅੱਖਾਂ ਲੱਭੀਆਂ, ਜੋ ਆਪਣਾ ਨਾਂ ਦੱਸ ਰਿਹਾ ਸੀ। ਉਸੇ ਪ੍ਰਾਂਤ ਵਿਚ ਭੂਚਾਲ ਦੇ 140 ਘੰਟੇ ਬਾਅਦ ਅੰਤਾਕਿਆ ਵਿਚ ਇਕ ਬੱਚੇ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ 50 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠੋਂ ਕੱਢੀ ਗਈ ਜ਼ੈਨੇਪ ਕਰਮਨ ਨਾਂ ਦੀ ਔਰਤ ਦੀ ਰਾਤ ਨੂੰ ਹਸਪਤਾਲ ਵਿਚ ਮੌਤ ਹੋ ਗਈ। ਭੂਚਾਲ ਪ੍ਰਤੀ ਤੁਰਕੀ ਸਰਕਾਰ ਦੀ ਪ੍ਰਤੀਕਿਰਿਆ ਦੇ ਨਾਲ ਵਧ ਰਹੀ ਜਨਤਾ ਦੀ ਨਿਰਾਸ਼ਾ ਦੇ ਵਿਚਾਲੇ ਬਚਾਅ ਕਾਰਜ ਜਾਰੀ ਹਨ।
ਇਸ ਭੂਚਾਲ ਕਾਰਨ ਇਕੱਲੇ ਤੁਰਕੀ ਵਿਚ 24,617 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 80,000 ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਤੁਰਕੀ ਦੇ 8 ਸੂਬਿਆਂ ਤੋਂ ਲੁੱਟ-ਖੋਹ ਦੇ ਦੋਸ਼ ਹੇਠ 98 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ‘ਚੋਂ 42 ਲੋਕ ਹਤਾਏ ਸੂਬੇ ਦੇ ਹਨ। ਅਡਾਨਾ ਸ਼ਹਿਰ ‘ਚ ਭੂਚਾਲ ਕਾਰਨ ਢਹਿ-ਢੇਰੀ ਹੋਈਆਂ ਇਮਾਰਤਾਂ ਨੂੰ ਦੇਖਦਿਆਂ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਸੀਰੀਆ ‘ਚ ਸਮੇਂ ਸਿਰ ਮਦਦ ਨਹੀਂ ਪਹੁੰਚ ਪਾ ਰਹੀ। ਇਸ ਕਾਰਨ ਭੂਚਾਲ ਤੋਂ ਬਾਅਦ ਸੜਕਾਂ ‘ਤੇ ਮਲਬਾ ਜਮ੍ਹਾ ਹੋ ਗਿਆ ਹੈ।
ਹਰੇਮ ਸ਼ਹਿਰ ਵਿਚ ਇਕ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਮਲਬੇ ਹੇਠ ਦੱਬੀ ਹੋਈ ਹੈ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਅਬੂ ਅਲੀ ਨੇ ਕਿਹਾ, ”ਮੇਰੀ ਬੇਟੀ ਭੂਚਾਲ ਦੇ ਇਕ ਦਿਨ ਬਾਅਦ ਵੀ ਜ਼ਿੰਦਾ ਸੀ। ਮਲਬੇ ਹੇਠ ਦੱਬੇ ਹੋਣ ਦੇ 24 ਘੰਟੇ ਬਾਅਦ ਵੀ ਉਸ ਤੱਕ ਮਦਦ ਨਹੀਂ ਪਹੁੰਚੀ। ਸਾਡੇ ਕੋਲ ਮਲਬਾ ਹਟਾਉਣ ਲਈ ਕੋਈ ਮਸ਼ੀਨ ਨਹੀਂ ਸੀ। ਅਸੀਂ ਮਦਦ ਦੀ ਉਡੀਕ ਕੀਤੀ। ਬਹੁਤ ਸਮਾਂ ਬੀਤ ਗਿਆ। ਮੈਂ ਆਪ ਹੀ ਉਸ ਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਬਾਹਰ ਕੱਢਿਆ।”

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles