#OTHERS

ਤੁਰਕੀ ‘ਚ ਭੂਚਾਲ ਦੇ ਛੇ ਦਿਨਾਂ ਬਾਅਦ ਬਿਲਡਿੰਗ ਠੇਕੇਦਾਰ ਗ੍ਰਿਫ਼ਤਾਰ

ਅੰਕਾਰਾ, 13 ਫਰਵਰੀ (ਪੰਜਾਬ ਮੇਲ)- ਦੱਖਣ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ‘ਚ ਆਏ ਭਿਆਨਕ ਭੂਚਾਲ ਆਉਣ ਦੇ ਛੇ ਦਿਨ ਬਾਅਦ ਅਧਿਕਾਰੀਆਂ ਨੇ ਉਨ੍ਹਾਂ 131 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਾਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ, ਜੋ ਭੂਚਾਲ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਨਿਰਮਾਣ ਵਿਚ ਸ਼ਾਮਲ ਹਨ। ਉੱਧਰ ਮਲਬੇ ਵਿਚੋਂ ਕੁਝ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 33,000 ਨੂੰ ਪਾਰ ਕਰ ਗਈ, ਜਦਕਿ ਘੱਟੋ-ਘੱਟ 92,000 ਲੋਕ ਜ਼ਖਮੀ ਹੋਏ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਪਿਛਲੇ ਪੰਜ ਦਿਨਾਂ ਤੋਂ ਬਚਾਅ ਕਰਮਚਾਰੀ ਕੜਾਕੇ ਦੀ ਠੰਢ ਵਿਚ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਲਗਾਤਾਰ ਕੰਮ ਕਰ ਰਹੇ ਹਨ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਇਮਾਰਤ ਡਿੱਗਣ ਲਈ ਜ਼ਿੰਮੇਵਾਰ ਉਨ੍ਹਾਂ 131 ਲੋਕਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਇਮਾਰਤਾਂ ਦੇ ਢਹਿ-ਢੇਰੀ ਹੋਣ ਲਈ ਜ਼ਿੰਮੇਵਾਰ ਹੋਣ ਦਾ ਸ਼ੱਕ ਹੈ। ਤੁਰਕੀ ਦੇ ਨਿਆਂ ਮੰਤਰੀ ਨੇ ਕਿਹਾ ਕਿ ਇਮਾਰਤਾਂ ਦੇ ਢਹਿਣ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰੀ ਵਕੀਲਾਂ ਨੇ ਉਸਾਰੀ ਵਿਚ ਵਰਤੀ ਗਈ ਸਮੱਗਰੀ ਬਾਰੇ ਸਬੂਤ ਲਈ ਇਮਾਰਤ ਦੇ ਮਲਬੇ ਦੇ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਅਨਾਦੋਲੂ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਅਧਿਕਾਰੀਆਂ ਨੇ ਐਤਵਾਰ ਨੂੰ ਗਾਜ਼ੀਅਨਟੇਪ ਪ੍ਰਾਂਤ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਉੱਤੇ ਇੱਕ ਇਮਾਰਤ ਵਿਚ ਵਾਧੂ ਕਮਰਾ ਬਣਾਉਣ ਲਈ ਇੱਕ ਥੰਮ੍ਹ ਨੂੰ ਕੱਟਣ ਦਾ ਸ਼ੱਕ ਹੈ।

Leave a comment