#AMERICA

ਟੈਕਸਾਸ ‘ਚ ਵਿਅਕਤੀ ਨੇ ਬੱਚੇ ਤੇ 2 ਔਰਤਾਂ ਸਮੇਤ 5 ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

* ਘਰ ਦੇ ਵਿਹੜੇ ਵਿਚ ਗੋਲੀਆਂ ਚਲਾਉਣ ਤੋਂ ਰੋਕਣ ‘ਤੇ ਵਾਪਰੀ ਘਟਨਾ
ਸੈਕਰਾਮੈਂਟੋ, 2 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ਰਾਜ ਵਿਚ ਕਲੀਵਲੈਂਡ ਵਿਖੇ ਇਕ ਵਿਅਕਤੀ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਮਾਰ ਕੇ ਇਕ 8 ਸਾਲ ਦੇ ਬੱਚੇ ਤੇ 2 ਔਰਤਾਂ ਸਮੇਤ 5 ਵਿਅਕਤੀਆਂ ਦੀ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਸੈਨ ਜਸਿੰਟੋ ਕਾਊਂਟੀ ਸ਼ੈਰਿਫ ਗਰੇਗ ਕੈਪਰਜ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਇਕ ਵਿਅਕਤੀ ਜੋ ਆਪਣੇ ਵੇਹੜੇ ਵਿਚ ਰਾਈਫ਼ਲ ਨਾਲ ਗੋਲੀਆਂ ਚਲਾ ਰਿਹਾ ਸੀ, ਨੂੰ ਗਵਾਂਢੀਆਂ ਨੇ ਕਿਹਾ ਕਿ ਉਹ ਅਜਿਹਾ ਨਾ ਕਰੇ ਕਿਉਂਕਿ ਇਕ ਬੱਚਾ ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ‘ਤੇ ਉਹ ਸ਼ੱਕੀ ਵਿਅਕਤੀ ਭੜਕ ਉਠਿਆ ਤੇ ਉਸ ਨੇ ਗਵਾਂਢੀਆਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਬੀਤੀ ਰਾਤ 11.30 ਵਜੇ ਦੇ ਆਸ-ਪਾਸ ਵਾਪਰੀ। ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਸ਼ੈਰਿਫ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਗਵਾਂਢੀ ਦੇ ਘਰ ਦੀ ਵਾੜ ਨੇੜੇ ਆ ਕੇ ਉਸ ਨੂੰ ਗੋਲੀਆਂ ਨਾ ਚਲਾਉਣ ਦੀ ਬੇਨਤੀ ਕੀਤੀ। ਇਸ ‘ਤੇ ਸ਼ੱਕੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਨੇ ਕਿਹਾ ਕਿ ਉਹ ਆਪਣੇ ਵੇਹੜੇ ਵਿਚ ਜੋ ਮਰਜ਼ੀ ਕਰੇ। ਕੈਪਰਜ ਅਨੁਸਾਰ ਦੋ ਔਰਤਾਂ ਆਪਣੇ ਬੈੱਡਰੂਮ ਵਿਚ ਆਪਣੇ ਛੋਟੇ ਬੱਚਿਆਂ ਨੂੰ ਬਚਾਉਂਦੀਆਂ ਹੋਈਆਂ ਮਾਰੀਆਂ ਗਈਆਂ। ਸ਼ੱਕੀ ਨੇ ਬਹੁਤ ਨੇੜੇ ਆ ਕੇ ਗਰਦਨ ਤੋਂ ਉਪਰ ਗੋਲੀਆਂ ਮਾਰੀਆਂ। ਸ਼ੱਕੀ ਜੋ ਫਰਾਰ ਹੈ, ਦੀ ਪੁਲਿਸ ਤੇਜ਼ੀ ਨਾਲ ਭਾਲ ਕਰ ਰਹੀ ਹੈ।

Leave a comment