ਵਾਸ਼ਿੰਗਟਨ, 8 ਮਈ (ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸ਼ਾਪਿੰਗ ਮਾਲ ਵਿਚ ਬੀਤੇ ਦਿਨੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਗੋਲੀਬਾਰੀ ਵਿਚ ਭਾਰਤੀ ਮੂਲ ਦੀ 22 ਸਾਲਾ ਔਰਤ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਭਾਰਤੀ ਮੂਲ ਦੀ ਐਸ਼ਵਰਿਆ ਤਾਤੀਕੋਂਡਾ ਸਮੇਤ 9 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਗੋਲੀਬਾਰੀ ਵਿਚ ਬੱਚੇ ਵੀ ਜ਼ਖਮੀ ਹੋਏ ਸਨ। ਪੁਲਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਸ਼ੂਟਰ ਨੂੰ ਮਾਰ ਦਿੱਤਾ। ਇੱਥੇ ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਤੇਲਗੂ ਔਰਤ ਐਸ਼ਵਰਿਆ ਤਾਤੀਕੋਂਡਾ ਦੇ ਤੌਰ ‘ਤੇ ਹੋਈ ਹੈ। ਐਸ਼ਵਰਿਆ ਤੇਲੰਗਾਨਾ ਦੇ ਰੰਗਾ ਰੈੱਡੀ ਜ਼ਿਲ੍ਹੇ ਦੇ ਜੱਜ ਤਾਤੀਕੋਂਡਾ ਨਰਸੀ ਰੈੱਡੀ ਦੀ ਧੀ ਹੈ। ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਅਮਰੀਕਾ ‘ਚ ਇਕ ਕੰਪਨੀ ‘ਚ ਪ੍ਰੋਜੈਕਟ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਐਸ਼ਵਰਿਆ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ‘ਐਲਨ ਪ੍ਰੀਮੀਅਮ ਆਊਟਲੈਟਸ’ ‘ਤੇ ਵਾਪਰੀ। ਇਹ ਸਥਾਨ ਡੱਲਾਸ ਦੇ ਉੱਤਰ ਵਿੱਚ 25 ਮੀਲ ਹੈ ਅਤੇ ਇਸ ਵਿੱਚ 120 ਤੋਂ ਵੱਧ ਸਟੋਰ ਹਨ। ਪੁਲਸ ਨੇ ਕਿਹਾ ਕਿ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਜਾਪਦਾ ਹੈ ਕਿ ਉਸਨੇ ਇਕੱਲੇ ਹੀ ਗੋਲੀਬਾਰੀ ਕੀਤੀ ਸੀ। ਹਮਲਾਵਰ ਦੀ ਪਛਾਣ ਉਜਾਗਰ ਹੋ ਗਈ ਹੈ। ਮੌਰੀਸੀਓ ਗਾਰਸੀਆ ਨਾਂ ਦੇ 33 ਸਾਲਾ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਡਲਾਸ ਦੇ ਇਕ ਹਸਪਤਾਲ ਦਾ ਕਹਿਣਾ ਹੈ ਕਿ ਹਮਲੇ ਵਿਚ ਜ਼ਖਮੀ ਹੋਏ 5 ਸਾਲਾ ਲੜਕੇ ਦਾ ਇਲਾਜ ਕੀਤਾ ਜਾ ਰਿਹਾ ਹੈ। ਗੋਲੀਬਾਰੀ ‘ਚ ਜ਼ਖਮੀ ਹੋਏ 7 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।