#Cricket #SPORTS

ਟੀ-20 ਲੜੀ; ਭਾਰਤ ਨੇ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾਇਆ

ਜੈਸਵਾਲ, ਗਾਇਕਵਾੜ ਤੇ ਕਿਸ਼ਨ ਨੇ ਜੜੇ ਨੀਮ ਸੈਂਕੜੇ; ਪੰਜ ਮੈਚਾਂ ਦੀ ਲੜੀ ’ਚ 2-0 ਦੀ ਲੀਡ ਹਾਸਲ ਕੀਤੀ
ਤਿਰੂਵਨੰਤਪੁਰਮ (ਕੇਰਲਾ), 26 ਨਵੰਬਰ (ਬ ਮੇਲ)- ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਇਲਾਵਾ ਰਵੀ ਬਿਸ਼ਨੋਈ ਤੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਦੂਜੇ ਟੀ-20 ਮੈਚ ਵਿੱਚ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਵੱਲੋਂ ਮਿਲੇ 236 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਮਾਰਕਸ ਸਟੋਇਨਸ ਨੇ ਸਭ ਤੋਂ ਵੱਧ 45 ਦੌੜਾਂ ਜਦਕਿ ਕਪਤਾਨ ਮੈਥਿਊ ਵੇਡ ਨੇ 37 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵੀ ਬਿਸ਼ਨੋਈ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਮੁਕੇਸ਼ ਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ ਹੈ।