ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ)- ਡੋਨਾਲਡ ਟਰੰਪ ਪ੍ਰਸ਼ਾਸਨ ਅਮਰੀਕੀ ਸਿੱਖਿਆ ਸੰਸਥਾਵਾਂ ‘ਤੇ ਸਖ਼ਤ ਕਾਰਵਾਈ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਖੋਜੀਆਂ ‘ਤੇ ਦਬਾਅ ਲਗਾਤਾਰ ਵਧ ਰਿਹਾ ਹੈ। ਹਾਲ ਹੀ ਵਿਚ ਅਮਰੀਕਾ ਦੀ ਵੱਕਾਰੀ ਸੰਸਥਾ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮ.ਆਈ.ਟੀ.) ਵੀ ਇਸ ਕਾਰਵਾਈ ਦੀ ਲਪੇਟ ਵਿੱਚ ਆਈ ਹੈ, ਜਿੱਥੇ 9 ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਖੋਜੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਕਦਮ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਕਾਰਨ ਦੇ ਚੁੱਕਿਆ ਗਿਆ, ਜਿਸ ਕਾਰਨ ਅਕਾਦਮਿਕ ਜਗਤ ਵਿਚ ਡੂੰਘੀ ਚਿੰਤਾ ਪੈਦਾ ਹੋ ਗਈ ਹੈ।
ਇੱਕ ਰਿਪੋਰਟ ਅਨੁਸਾਰ ਹੁਣ ਤੱਕ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੀਆਂ 88 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਲਗਭਗ 530 ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਅੰਕੜਾ ਸਿਰਫ਼ ਇੱਕ ਪ੍ਰਸ਼ਾਸਕੀ ਨੀਤੀਗਤ ਤਬਦੀਲੀ ਦਾ ਨਤੀਜਾ ਨਹੀਂ ਜਾਪਦਾ, ਸਗੋਂ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਜਾਪਦਾ ਹੈ। ਐੱਮ.ਆਈ.ਟੀ. ਦੀ ਪ੍ਰਧਾਨ ਸੈਲੀ ਕੋਰਨਬਲਥ ਨੇ 14 ਅਪ੍ਰੈਲ ਨੂੰ ਇੱਕ ਅਧਿਕਾਰਤ ਪੱਤਰ ਵਿਚ ਇਸ ਘਟਨਾਕ੍ਰਮ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ”ਸਰਕਾਰ ਦੀਆਂ ਇਹ ਕਾਰਵਾਈਆਂ ਨਾ ਸਿਰਫ਼ ਐੱਮ.ਆਈ.ਟੀ. ਦੇ ਕਾਰਜਾਂ ਨੂੰ ਖ਼ਤਰਾ ਹਨ, ਸਗੋਂ ਅਮਰੀਕਾ ਦੀ ਵਿਸ਼ਵਵਿਆਪੀ ਵਿਗਿਆਨਕ ਲੀਡਰਸ਼ਿਪ ਸਥਿਤੀ ਨੂੰ ਵੀ ਕਮਜ਼ੋਰ ਕਰਦੀਆਂ ਹਨ।” ਕੋਰਨਬਲਥ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੌਂ ਮੈਂਬਰਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚ ਹਾਲ ਹੀ ਵਿਚ ਗ੍ਰੈਜੂਏਟ ਹੋਏ ਵਿਦਿਆਰਥੀ ਅਤੇ ਪੋਸਟ-ਡਾਕਟੋਰਲ ਫੈਲੋ ਸ਼ਾਮਲ ਹਨ।
ਟਰੰਪ ਪ੍ਰਸ਼ਾਸਨ ਵੱਲੋਂ ਹੁਣ 9 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ
