ਨਿਊਯਾਰਕ, 31 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਪਿਛਲੇ ਸਾਲ ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾ ਵਿਦਿਆਰਥੀ ਆਗੂਆਂ ਨੂੰ ਉਨ੍ਹਾਂ ਦੀ ”ਅਸਾਧਾਰਨ ਹਿੰਮਤ, ਤਾਕਤ ਅਤੇ ਲੀਡਰਸ਼ਿਪ” ਲਈ ਸਨਮਾਨਿਤ ਕਰੇਗਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਮੰਗਲਵਾਰ ਨੂੰ ਵਿਦੇਸ਼ ਵਿਭਾਗ ਵਿਖੇ ਸਾਲਾਨਾ ਅੰਤਰਰਾਸ਼ਟਰੀ ਮਹਿਲਾ ਦਲੇਰੀ (ਆਈ.ਡਬਲਯੂ.ਓ.ਸੀ.) ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨਗੇ।
ਬੰਗਲਾਦੇਸ਼ ਦੇ ਵਿਦਿਆਰਥੀ ਆਗੂਆਂ ਨੂੰ ‘ਮੈਡੇਲੀਨ ਅਲਬ੍ਰਾਈਟ ਆਨਰੇਰੀ ਗਰੁੱਪ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਅਮਰੀਕਾ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ, ”ਜੁਲਾਈ-ਅਗਸਤ 2024 ਵਿਚ ਬੰਗਲਾਦੇਸ਼ ਵਿਚ ਹਿੰਸਕ ਦਮਨ ਵਿਰੁੱਧ ਅੰਦੋਲਨ ਵਿਚ ਵਿਦਿਆਰਥਣਾਂ ਦਾ ਇੱਕ ਬਹਾਦਰ ਸਮੂਹ ਸਭ ਤੋਂ ਅੱਗੇ ਸੀ। ਖ਼ਤਰੇ ਅਤੇ ਹਿੰਸਾ ਦੇ ਬਾਵਜੂਦ ਉਹ ਸੁਰੱਖਿਆ ਬਲਾਂ ਅਤੇ ਪੁਰਸ਼ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਮਜ਼ਬੂਤੀ ਨਾਲ ਖੜ੍ਹੀਆਂ ਰਹੀਆਂ ਅਤੇ ਅਸਾਧਾਰਨ ਹਿੰਮਤ ਦਿਖਾਈ।” ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਇਹ ਪੁਰਸਕਾਰ ਕਿਸ ਨੂੰ ਦਿੱਤਾ ਜਾਵੇਗਾ।
ਟਰੰਪ ਪ੍ਰਸ਼ਾਸਨ ਬੰਗਲਾਦੇਸ਼ੀ ਮਹਿਲਾ ਵਿਦਿਆਰਥੀ ਆਗੂਆਂ ਨੂੰ ਕਰੇਗਾ ਸਨਮਾਨਿਤ
