ਵਾਸ਼ਿੰਗਟਨ, 14 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਤਰ ਦਾ ਸ਼ਾਹੀ ਪਰਿਵਾਰ ਇਕ ਬੋਇੰਗ 747-8 ਜੈੱਟ ਤੋਹਫੇ ਵਜੋਂ ਦੇਵੇਗਾ। ਇਸ ਜਹਾਜ਼ ਦੀ ਕੀਮਤ ਲਗਭਗ 400 ਮਿਲੀਅਨ ਡਾਲਰ (ਲਗਭਗ 3,300 ਕਰੋੜ ਰੁਪਏ) ਦੇ ਕਰੀਬ ਹੈ। ਇਸ ਜਹਾਜ਼ ਨੂੰ ਅਸਥਾਈ ਤੌਰ ‘ਤੇ ਏਅਰਫੋਰਸ ਵਨ ਵਜੋਂ ਵਰਤੇ ਜਾਣ ਦੀ ਸੰਭਾਵਨਾ ਹੈ। 2029 ‘ਚ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਇਹ ਜਹਾਜ਼ ਟਰੰਪ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਦਾਨ ਕਰ ਦਿੱਤਾ ਜਾਵੇਗਾ। ਇਸ ਤੋਹਫੇ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਇਸ ਫੈਸਲੇ ਦੀ ਭਾਰੀ ਆਲੋਚਨਾ ਹੋਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਅਤੇ ਨੈਤਿਕਤਾ ਮਾਹਿਰ ਇਸ ਤੋਹਫੇ ਨੂੰ ਅਮਰੀਕੀ ਸੰਵਿਧਾਨ ਦੀ ਉਲੰਘਣਾ ਦੱਸ ਰਹੇ ਹਨ। ਹਾਲਾਂਕਿ, ਟਰੰਪ ਦੀ ਕਾਨੂੰਨੀ ਟੀਮ ਦਾ ਦਾਅਵਾ ਹੈ ਕਿ ਇਹ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਇਹ ਜਹਾਜ਼ ਸਿੱਧੇ ਟਰੰਪ ਨੂੰ ਨਹੀਂ, ਸਗੋਂ ਅਮਰੀਕੀ ਸਰਕਾਰ ਅਤੇ ਟਰੰਪ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਤੋਹਫ਼ੇ ਵਜੋਂ ਦਿੱਤਾ ਜਾਣਾ ਹੈ। ਕਤਰ ਸਰਕਾਰ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਬੋਇੰਗ 747-8 ਜਹਾਜ਼ ਦੁਨੀਆਂ ਦਾ ਸਭ ਤੋਂ ਲੰਬਾ ਯਾਤਰੀ ਜਹਾਜ਼ ਹੈ।
ਟਰੰਪ ਨੂੰ 3300 ਕਰੋੜ ਦਾ ਜਹਾਜ਼ ਤੋਹਫੇ ‘ਚ ਦੇਵੇਗਾ ਕਤਰ
