30.5 C
Sacramento
Sunday, June 4, 2023
spot_img

ਟਰੰਪ ਦੇ ਅਪਰਾਧਿਕ ਦੋਸ਼ਾਂ ਬਾਰੇ ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਨੂੰ

* ਨਿੱਜੀ ਤੌਰ ‘ਤੇ ਹੋਣਗੇ ਪੇਸ਼, ਸਾਬਕਾ ਅਮਰੀਕੀ ਸਦਰ ਨੇ 34 ਦੋਸ਼ਾਂ ਲਈ ਖ਼ੁਦ ਨੂੰ ਬੇਗੁਨਾਹ ਦੱਸਿਆ
ਨਿਊਯਾਰਕ, 7 ਅਪ੍ਰੈਲ (ਪੰਜਾਬ ਮੇਲ)- 7 ਸਾਲ ਪਹਿਲਾਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ਵਿਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣ 4 ਦਸੰਬਰ ਨੂੰ ਮੈਨਹਟਨ ਕੋਰਟ ਵਿਚ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਲਈ ਨਿਰਧਾਰਿਤ ਕੀਤੀ ਗਈ ਹੈ। ਮੰਗਲਵਾਰ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਟਰੰਪ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ। ਪੇਸ਼ੀ ਮੌਕੇ ਟਰੰਪ ਨੂੰ ਭਾਵੇਂ ਅਹਿਤਿਆਤ ਵਜੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ, ਪਰ ਅਦਾਲਤੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਟਰੰਪ ਹੁਣ ਇਸ ਮਾਮਲੇ ਵਿਚ 4 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਉਂਜ ਇਕ ਘੰਟੇ ਤੱਕ ਚੱਲੀ ਅਦਾਲਤੀ ਕਾਰਵਾਈ ਦੌਰਾਨ ਟਰੰਪ ਸਿਰਫ਼ ਛੇ ਵਾਰ ਹੀ ਬੋਲੇ।
ਟਰੰਪ, ਪਹਿਲੇ ਸਾਬਕਾ ਅਮਰੀਕੀ ਸਦਰ ਹਨ, ਜਿਨ੍ਹਾਂ ਖਿਲਾਫ਼ ਅਪਰਾਧਿਕ ਦੋਸ਼ ਲੱਗੇ ਹਨ। ਪੇਸ਼ੀ ਦੌਰਾਨ ਇਸਤਗਾਸਾ ਧਿਰ ਨੇ 34 ਦੋਸ਼ ਲਾਏ, ਪਰ ਟਰੰਪ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਗੁਨਾਹ ਮੰਨਣ ਤੋਂ ਨਾਂਹ ਕਰ ਦਿੱਤੀ। ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਪੋਰਨ ਸਟਾਰ ਸਟੌਰਮੀ ਡੈਨੀਅਲਜ਼ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸਿਆਂ ਦੀ ਅਦਾਇਗੀ ਕੀਤੀ ਸੀ। ਦਸੰਬਰ ਵਿਚ ਹੋਣ ਵਾਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਜੁਆਂ ਐੱਮ. ਮਰਚਨ ਕੇਸ ਰੱਦ ਕਰਨ ਲਈ ਰੱਖੇ ਜਾਣ ਵਾਲੇ ਸੰਭਾਵੀ ਮਤਿਆਂ ਬਾਰੇ ਫੈਸਲਾ ਕਰਨਗੇ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਇਸਤਗਾਸਾ ਧਿਰ ਨੇ ਕਿਹਾ ਕਿ ਉਹ ਅਗਲੇ 65 ਦਿਨਾਂ ਵਿਚ ਟਰੰਪ ਖਿਲਾਫ਼ ਹੋਰ ਸਬੂਤ ਪੇਸ਼ ਕਰਨਗੇ। ਟਰੰਪ ਦੀ ਟੀਮ ਕੋਲ ਅਪਰਾਧਿਕ ਦੋਸ਼ਾਂ ਖਿਲਾਫ਼ ਕੋਰਟ ਵਿਚ ਕਿਸੇ ਤਰ੍ਹਾਂ ਦਾ ਮਤਾ ਦਾਇਰ ਕਰਨ ਲਈ 8 ਅਗਸਤ ਤੱਕ ਦਾ ਸਮਾਂ ਹੈ, ਜਦੋਂਕਿ ਇਸਤਗਾਸਾ ਧਿਰ ਨੂੰ 19 ਸਤੰਬਰ ਤੱਕ ਇਸ ਦਾ ਜਵਾਬ ਦੇਣਾ ਹੋਵੇਗਾ। ਜੱਜ ਮਰਚਨ ਇਨ੍ਹਾਂ ਮਤਿਆਂ ਨੂੰ ਲੈ ਕੇ 4 ਦਸੰਬਰ ਨੂੰ ਫੈਸਲਾ ਸੁਣਾ ਸਕਦੇ ਹਨ। ਪੂਰੇ ਅੱਠ ਮਹੀਨਿਆਂ ਬਾਅਦ ਹੋਣ ਵਾਲੀ ਸੁਣਵਾਈ ਦੌਰਾਨ ਸਾਬਕਾ ਅਮਰੀਕੀ ਸਦਰ ਨਿੱਜੀ ਤੌਰ ‘ਤੇ ਮੌਜੂਦ ਰਹਿਣਗੇ।
ਉਧਰ ਟਰੰਪ ਦੇ ਵਕੀਲ ਜਿਮ ਟਰਸਟੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੇਸ ਨੂੰ ਚੁਣੌਤੀ ਦੇਣ ਲਈ ‘ਮਜ਼ਬੂਤ’ ਮਤੇ ਰੱਖੇ ਜਾਣਗੇ ਅਤੇ ਆਸ ਕਰਦੇ ਹਾਂ ਉਹ ਕੇਸ ਨੂੰ ਰੋਕਣ ਵਿਚ ਕਾਮਯਾਬ ਰਹਿਣਗੇ। ਟਰੰਪ (76) ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ। ਅਜਿਹੀ ਉਮੀਦ ਹੈ ਕਿ ਟਰੰਪ ਇਸ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਕੇਸ ਦੱਸ ਕੇ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ਰਿਪਬਲਿਕਨ ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਵਰਤ ਸਕਦੇ ਹਨ। ਸੇਂਟ ਐਨਸੈਲਮ ਕਾਲਜ ਵੱਲੋਂ ਮੰਗਲਵਾਰ ਨੂੰ ਜਾਰੀ ਚੋਣ ਸਰਵੇਖਣ ਵਿਚ ਟਰੰਪ ਨੂੰ ਰਿਪਬਲਿਕਨ ਪ੍ਰਾਇਮਰੀ ਵੋਟਰਾਂ ਤੋਂ 42 ਫੀਸਦੀ ਹਮਾਇਤ ਮਿਲਦੀ ਵਿਖਾਈ ਗਈ ਹੈ। ਉਹ ਇਸ ਦੌੜ ਵਿਚ ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਤੋਂ ਬਹੁਤ ਅੱਗੇ ਹਨ, ਜਿਨ੍ਹਾਂ ਨੂੰ 29 ਫੀਸਦ ਦੀ ਹਮਾਇਤ ਮਿਲੀ ਹੈ।

ਟਰੰਪ ਵੱਲੋਂ ਬਾਇਡਨ ਦੀ ਅਗਵਾਈ ਹੇਠ ਵਿਸ਼ਵ ਨੂੰ ਪ੍ਰਮਾਣੂ ਤੀਜੀ ਆਲਮੀ ਜੰਗ ਦੇ ਸਾਹਮਣਾ ਕਰਨਾ ਦਾ ਦਾਅਵਾ
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਬਾਈਡਨ ਸਰਕਾਰ ਹੇਠ ਵਿਸ਼ਵ ਨੂੰ ਪ੍ਰਮਾਣੂ ਆਲਮੀ ਜੰਗ 3 ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਦੀ ਮੌਜੂਦਾ ਸਰਕਾਰ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਨਿਊ ਯਾਰਕ ਵਿਚ ਅਪਰਾਧਿਕ ਦੋਸ਼ਾਂ ਨਾਲ ਸਬੰਧਤ ਕੇਸ ਵਿਚ ਪੇਸ਼ੀ ਭੁਗਤਣ ਮਗਰੋਂ ਫਲੋਰਿਡਾ ਦੇ ਮਾਰ-ਏ-ਲਾਗੋ ਰਿਜ਼ਾਰਟ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਵੱਖ-ਵੱਖ ਮੁਲਕਾਂ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਖੁੱਲ੍ਹੀ ਧਮਕੀ ਦਿੱਤੀ ਜਾ ਰਹੀ ਹੈ, ਜਦੋਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਦੀ ਅਗਵਾਈ ਹੇਠ ਅਮਰੀਕਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ, ”ਸਾਡਾ ਅਰਥਚਾਰਾ ਮੂਧੇ ਮੂੰਹ ਹੋਣ ਲੱਗਾ ਹੈ। ਮਹਿੰਗਾਈ ਬੇਕਾਬੂ ਹੋ ਗਈ ਹੈ। ਰੂਸ ਨੇ ਚੀਨ ਨਾਲ ਹੱਥ ਮਿਲਾ ਲਿਆ, ਜਦੋਂਕਿ ਸਾਊਦੀ ਅਰਬ ਤੇ ਇਰਾਨ ਇਕ ਹੋ ਗਏ ਹਨ। ਜੇਕਰ ਮੈਂ ਤੁਹਾਡਾ ਰਾਸ਼ਟਰਪਤੀ ਹੁੰਦਾ ਤਾਂ ਇਹ ਕੁਝ ਨਾ ਹੁੰਦਾ। ਨਾ ਹੀ ਰੂਸ, ਯੂਕਰੇਨ ‘ਤੇ ਹਮਲਾ ਕਰਦਾ। ਜਿਹੜੀਆਂ ਜਾਨਾਂ ਗਈਆਂ ਉਹ ਬਚ ਗਈਆਂ ਹੁੰਦੀਆਂ।”

Related Articles

Stay Connected

0FansLike
3,797FollowersFollow
20,800SubscribersSubscribe
- Advertisement -spot_img

Latest Articles