#OTHERS

ਅੱਤਵਾਦ ਵਿਰੋਧੀ ਅਦਾਲਤ ਵੱਲੋਂ ਇਮਰਾਨ ਖ਼ਾਨ ਦੀ ਅੰਤ੍ਰਿਮ ਜ਼ਮਾਨਤ ‘ਚ 13 ਅਪ੍ਰੈਲ ਤੱਕ ਦਾ ਵਾਧਾ

ਲਾਹੌਰ, 7 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨੀ ਪੰਜਾਬ ਸੂਬੇ ਦੀ ਇਕ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਿੰਨ ਕੇਸਾਂ ‘ਚ ਮਿਲੀ ਅੰਤ੍ਰਿਮ ਜ਼ਮਾਨਤ 13 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਹ ਕੇਸ ਪਿਛਲੇ ਮਹੀਨੇ ਲਾਹੌਰ ‘ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਨੂੰ ਲੈ ਕੇ ਦਰਜ ਕੀਤੇ ਗਏ ਸਨ।
ਦਿ ਡਾਅਨ ਅਖ਼ਬਾਰ ਦੀ ਖ਼ਬਰ ਮੁਤਾਬਕ ਖਾਨ ਨਿੱਜੀ ਤੌਰ ‘ਤੇ ਅਦਾਲਤ ‘ਚ ਪੇਸ਼ ਹੋਏ, ਜਿਸ ਮਗਰੋਂ ਏ.ਟੀ.ਸੀ. ਜੱਜ ਏ ਗੁਲ ਖਾਨ ਨੇ ਆਦੇਸ਼ ਜਾਰੀ ਕਰਦੇ ਹੋਏ 70 ਸਾਲਾ ਖਾਨ ਦੀ ਜ਼ਮਾਨਤ ਦੀ ਮਿਆਦ ਵਧਾ ਦਿੱਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਟਵਿੱਟਰ ‘ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿਚ ਪਾਰਟੀ ਮੁਖੀ ਖਾਨ ਨੂੰ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਘੇਰਿਆ ਹੋਇਆ ਹੈ। ਪਿਛਲੀ ਸੁਣਵਾਈ ਵਿਚ ਜੱਜ ਇਜਾਜ਼ ਅਹਿਮਦ ਬੁੱਟਰ ਨੇ ਪੀ.ਟੀ.ਆਈ. ਮੁਖੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਬਾਅਦ ਦੀਆਂ ਸੁਣਵਾਈਆਂ ਵਿਚ ਨਿੱਜੀ ਤੌਰ ‘ਤੇ ਪੇਸ਼ੀ ਯਕੀਨੀ ਬਣਾਉਣ ਅਤੇ ਮਾਮਲਿਆਂ ਦੀ ਪੁਲਿਸ ਜਾਂਚ ਵਿਚ ਵੀ ਸ਼ਾਮਲ ਹੋਣ। ਪੁਲਿਸ ਨੇ ਖਾਨ ਤੇ ਪੀ.ਟੀ.ਆਈ. ਦੇ ਹੋਰ ਆਗੂਆਂ ਖ਼ਿਲਾਫ਼ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਦੇ ਬਾਹਰ ਕਥਿਤ ਤੌਰ ‘ਤੇ ਪੁਲਿਸ ‘ਤੇ ਹਮਲਾ ਕਰਨ ਅਤੇ ਸਰਕਾਰੀ ਸੰਪਤੀ ਤੇ ਵਾਹਨਾਂ ਨੂੰ ਸਾੜਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਸੁਣਵਾਈ ਦੀ ਸ਼ੁਰੂਆਤ ‘ਚ ਜੱਜ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਖਾਨ ਨੇ ਹੁਣ ਤੱਕ ਮੁਚੱਲਕਾ ਜਮ੍ਹਾ ਨਹੀਂ ਕੀਤਾ ਹੈ। ਖਾਨ ਦੇ ਵਕੀਲ ਬੈਰਿਸਟਰ ਸਲਮਾਨ ਸਫਦਰ ਨੇ ਜਵਾਬ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜਾਨ ਦਾ ਖ਼ਤਰਾ ਹੈ। ਜੱਜ ਨੇ ਉਦੋਂ ਪੁੱਛਿਆ ਕਿ ਕੀ ਖਾਨ ਅਦਾਲਤ ਵਿਚ ਪੇਸ਼ ਹੋਣਗੇ ਜਾਂ ਨਹੀਂ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਦਾਲਤ ਵਿਚ ਪੇਸ਼ ਹੋਣ ਵਾਲੇ ਵਿਅਕਤੀ ਨੂੰ ਹੀ ਰਾਹਤ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਖਾਨ ਦੇ ਵਕੀਲ ਨੂੰ ਆਪਣੇ ਮੁਵੱਕਿਲ ਨੂੰ ਸਵੇਰੇ 11 ਵਜੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਪੀ.ਟੀ.ਆਈ. ਮੁਖੀ ਨੂੰ ਕਥਿਤ ਤੌਰ ‘ਤੇ ਜਾਨ ਦੇ ਖਤਰੇ ਦੀ ਜਾਂਚ ਕਰ ਰਹੇ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਦੇ ਮੁਖੀ ਅਦਾਲਤ ਪਹੁੰਚੇ ਅਤੇ ਕਿਹਾ ਕਿ ਖਾਨ ਜਾਂਚ ਵਿਚ ਸ਼ਾਮਲ ਨਹੀਂ ਹੋਏ ਹਨ। ਅਦਾਲਤ ਨੇ ਇਸ ਤੋਂ ਬਾਅਦ ਖਾਨ ਦੇ ਵਕੀਲ ਨੂੰ ਲਿਖਤੀ ਬਿਆਨ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ ਜੇ.ਆਈ.ਟੀ. ਦੇ ਮੁਖੀ ਨੂੰ ਅਗਲੀ ਸੁਣਵਾਈ ‘ਤੇ ਪੇਸ਼ ਹੋਣ ਲਈ ਕਿਹਾ।
ਜੱਜ ਨੇ ਜੇ.ਆਈ.ਟੀ. ਨੂੰ ਜਲਦੀ ਤੋਂ ਜਲਦੀ ਜਾਂਚ ਪੂਰੀ ਕਰਨ ਦਾ ਨਿਰਦੇਸ਼ ਵੀ ਦਿੱਤਾ। ਪਿਛਲੇ ਸਾਲ 3 ਨਵੰਬਰ ਖਾਨ ‘ਤੇ ਪੰਜਾਬ ਦੇ ਵਜ਼ੀਰਾਬਾਦ ਵਿਚ ਇਕ ਰੈਲੀ ਦੌਰਾਨ ਹਮਲਾ ਹੋਇਆ ਸੀ, ਜਿਸ ਵਿਚ ਉਨ੍ਹਾਂ ਦੇ ਪੈਰ ‘ਚ ਗੋਲੀ ਲੱਗੀ ਸੀ।

Leave a comment