#PUNJAB

ਜਿਨਸੀ ਸ਼ੋਸ਼ਣ ਵਿਵਾਦਾਂ ‘ਚ ਘਿਰੇ ਮੰਤਰੀ ਖਿਲਾਫ ਕੋਈ ਕਾਰਵਾਈ ਕਰਨ ਦੇ ਰੌਂਅ ‘ਚ ਨਹੀਂ ਪੰਜਾਬ ਸਰਕਾਰ

ਰਾਜਪਾਲ ਨੂੰ ਮੋੜਵਾਂ ਜਵਾਬ ਦੇਣ ਲਈ ਪੰਜਾਬ ਸਰਕਾਰ ਵੱਲੋਂ ਪੱਤਰ ਤਿਆਰ
ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਹਾਲ ਦੀ ਘੜੀ ‘ਜਿਨਸੀ ਸ਼ੋਸ਼ਣ’ ਦੇ ਵਿਵਾਦਾਂ ਵਿੱਚ ਘਿਰੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਰੌਂਅ ਵਿਚ ਨਹੀਂ ਹੈ। ਸਿਆਸੀ ਵਿਰੋਧੀ ਧਿਰਾਂ ਵੱਲੋਂ ਕਟਾਰੂਚੱਕ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰ ‘ਆਪ’ ਸਰਕਾਰ ਵੱਲੋਂ ਇਸ ਮਾਮਲੇ ‘ਤੇ ਕੋਈ ਸੰਕੇਤ ਨਹੀਂ ਦਿੱਤਾ ਗਿਆ। ਜਲੰਧਰ ਜ਼ਿਮਨੀ ਚੋਣ ਦੌਰਾਨ ਸਰਕਾਰ ਇਸ ਮਸਲੇ ‘ਤੇ ਠੰਢਾ ਹੀ ਛਿੜਕਣ ਦੇ ਰੌਂਅ ਵਿਚ ਜਾਪ ਰਹੀ ਹੈ। ਚੇਤੇ ਰਹੇ ਕਿ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਜਿਨਸੀ ਸ਼ੋਸ਼ਣ’ ਦੇ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਦੋ ਇਤਰਾਜ਼ਯੋਗ ਵੀਡੀਓਜ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀਆਂ ਸਨ। ਰਾਜਪਾਲ ਨੇ ਚੰਡੀਗੜ੍ਹ ਪੁਲਿਸ ਤੋਂ ਇਨ੍ਹਾਂ ਕਲਿੱਪਸ ਦੀ ਫੋਰੈਂਸਿਕ ਜਾਂਚ ਕਰਵਾਈ ਹੈ। ਸੂਤਰ ਇਸ ਜਾਂਚ ਵਿਚ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਣ ਦੀ ਗੱਲ ਕਰ ਰਹੇ ਹਨ। ਰਾਜਪਾਲ ਨੇ ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਆਖਿਆ ਹੈ।
ਅਹਿਮ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜਿਆ ਜਾਣ ਵਾਲਾ ਮੋੜਵਾਂ ਪੱਤਰ ਡਰਾਫ਼ਟ ਕਰ ਲਿਆ ਹੈ, ਜੋ ਕਿ ਛੇਤੀ ਰਾਜਪਾਲ ਨੂੰ ਭੇਜੇ ਜਾਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਟਾਰੂਚੱਕ ਮੁੱਦੇ ‘ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਵਿਸਥਾਰ ‘ਚ ਚਰਚਾ ਕੀਤੀ ਹੈ। ਦੂਜੇ ਪਾਸੇ ਭਾਜਪਾ ਵੱਲੋਂ ਇਸ ਮੁੱਦੇ ‘ਤੇ ‘ਆਪ’ ਖ਼ਿਲਾਫ਼ ਤਿੱਖੇ ਹਮਲੇ ਕੀਤੇ ਜਾ ਰਹੇ ਹਨ।
ਪੀੜਤ ਨੌਜਵਾਨ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਕੌਮੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਜਲੰਧਰ ਦੀ ਜ਼ਿਮਨੀ ਚੋਣ ਵਿਚ ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਨੂੰ ਭਖਾਇਆ ਜਾ ਰਿਹਾ ਹੈ ਅਤੇ ਸਰਕਾਰ ‘ਤੇ ਕਾਰਵਾਈ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਹਿਮ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਫ਼ੌਰੀ ਤੌਰ ‘ਤੇ ਕਾਰਵਾਈ ਕਰਨ ਦੇ ਮੂਡ ਵਿਚ ਨਹੀਂ ਹੈ। ਜਾਣਕਾਰੀ ਅਨੁਸਾਰ ਵਿਵਾਦ ਉੱਭਰਨ ਮਗਰੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਨਤਕ ਜ਼ਿੰਦਗੀ ਵਿਚ ਵਿਚਰਨਾ ਬੰਦ ਕਰ ਦਿੱਤਾ ਹੈ। ਸਿਆਸੀ ਹਲਕੇ ਆਖਦੇ ਹਨ ਕਿ ਵਿਵਾਦ ਛਿੜਦੇ ਹੀ ਜੇਕਰ ‘ਆਪ’ ਸਰਕਾਰ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਸੱਦ ਕੇ ਅਸਤੀਫ਼ਾ ਲੈ ਲੈਂਦੀ, ਤਾਂ ਮਾਮਲਾ ਐਨਾ ਨਹੀਂ ਸੀ ਭਖਣਾ। ‘ਆਪ’ ਸਰਕਾਰ ਨੇ ਆਪਣੀ ਰਣਨੀਤੀ ਤਹਿਤ ਕਟਾਰੂਚੱਕ ਖ਼ਿਲਾਫ਼ ਫ਼ੌਰੀ ਕਦਮ ਉਠਾਉਣ ਤੋਂ ਗੁਰੇਜ਼ ਕੀਤਾ ਹੈ। ਦੇਖਣਾ ਹੋਵੇਗਾ ਕਿ ਜਲੰਧਰ ਜ਼ਿਮਨੀ ਚੋਣ ਵਿਚ ਕਟਾਰੂਚੱਕ ਦਾ ਮਸਲਾ ਕਿੰਨੀ ਕੁ ਢਾਹ ਲਾਉਂਦਾ ਹੈ।

Leave a comment