#PUNJAB

ਜੱਸਾ ਸਿੰਘ ਰਾਮਗੜ੍ਹੀਆ ਦੀ ਹਵੇਲੀ ਢਾਹੁਣ ਦਾ ਮਾਮਲਾ ਭਖਿਆ

ਵੱਖ-ਵੱਖ ਸੰਸਥਾਵਾਂ ਵੱਲੋਂ ਸੇਵਾ ਸੰਭਾਲ ਕਰ ਰਹੀ ਸੰਸਥਾ ‘ਤੇ ਪੁਰਾਤਨ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼
ਸ੍ਰੀ ਹਰਗੋਬਿੰਦਪੁਰ (ਬਟਾਲਾ), 8 ਮਈ (ਪੰਜਾਬ ਮੇਲ)- ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਸ੍ਰੀ ਹਰਗੋਬਿੰਦਪੁਰ ਸਥਿਤ ਹਵੇਲੀ ਨੂੰ ਢਹਿ-ਢੇਰੀ ਕਰਨ ਦਾ ਮਾਮਲਾ ਭਖ ਗਿਆ ਹੈ। ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਦੇ ਦੌਰੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਾਨ ਜਰਨੈਲ ਦੀਆਂ ਪੁਰਾਤਨ ਨਿਸ਼ਾਨੀਆਂ ਬਚਾਉਣ ਲਈ ਯਤਨ ਕੀਤੇ ਜਾਣ। ਵਿਰਾਸਤੀ ਮੰਚ ਬਟਾਲਾ, ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਦੇ ਅੰਮ੍ਰਿਤਸਰ ਚੈਪਟਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਸਥਿਤ ਨਿਵਾਸ ਸਥਾਨ ਨੂੰ ਇੱਕ ਸੰਸਥਾ ਵੱਲੋਂ ਢਾਹੇ ਜਾਣ ਤੋਂ ਤੁਰੰਤ ਰੋਕਿਆ ਜਾਵੇ, ਤਾਂ ਜੋ ਇਹ ਇਤਿਹਾਸਕ ਸਮਾਰਕ ਨਿਸ਼ਾਨੀ ਵਜੋਂ ਕਾਇਮ ਰਹਿ ਸਕੇ। ਵਿਰਾਸਤੀ ਮੰਚ ਬਟਾਲਾ ਦੇ ਬੁਲਾਰੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸਿੱਖ ਮਿਸਲਾਂ ਦੇ ਦੌਰ ਦੌਰਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਰਿਹਾ ਹੈ। ਇੱਥੇ ਹੀ ਜੱਸਾ ਸਿੰਘ ਰਾਮਗੜ੍ਹੀਆ ਦਾ ਨਿਵਾਸ ਸਥਾਨ ਸੀ, ਜੋ ਕਿ ਅੱਜ ਵੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸੰਨ 1803 ਵਿਚ ਇੱਥੇ ਹੀ ਜੱਸਾ ਸਿੰਘ ਰਾਮਗੜ੍ਹੀਆ ਦਾ ਅਕਾਲ ਚਲਾਣਾ ਹੋਇਆ ਸੀ।
ਹਰਪੁਰਾ ਨੇ ਦੱਸਿਆ ਕਿ ਸਾਲ 2015 ਵਿਚ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਵੱਲੋਂ ਇਸ ਇਤਿਹਾਸਕ ਇਮਾਰਤ ਦੀ ਮੁਰੰਮਤ ਅਤੇ ਸੰਭਾਲ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਤਤਕਾਲੀ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਕੋਲੋਂ ਰਖਵਾਇਆ ਗਿਆ ਸੀ। ਟਰੱਸਟ ਦੇ ਅਹੁਦੇਦਾਰਾਂ ਨੇ ਸੰਗਤ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਦੀ ਬਿਲਕੁਲ ਪੁਰਾਣੇ ਨਕਸ਼ੇ ਤਹਿਤ ਮੁਰੰਮਤ ਕਰਕੇ ਸੰਭਾਲ ਕਰਨਗੇ ਪਰ ਹੁਣ ਇਤਿਹਾਸਕ ਇਮਾਰਤ ਨੂੰ ਪੂਰੀ ਤਰ੍ਹਾਂ ਢਾਹ ਕੇ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰ ਰਹੇ ਟਰੱਸਟ ਵੱਲੋਂ ਬਿਲਕੁਲ ਉਲਟ ਜਾ ਕੇ ਕੰਮ ਕੀਤਾ ਜਾ ਰਿਹਾ ਹੈ। ਉਕਤ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਤਿਹਾਸਕ ਇਮਾਰਤ ਨੂੰ ਢਾਹੁਣਾ ਬੰਦ ਕਰਵਾ ਕੇ ਟਰੱਸਟ ਕੋਲੋਂ ਪਹਿਲਾਂ ਦੇ ਨਕਸ਼ੇ ਮੁਤਾਬਕ ਹੀ ਇਮਾਰਤ ਤਿਆਰ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿਚ ਇਤਿਹਾਸਕ ਤਲਾਬ ਤੋਂ ਇਲਾਵਾ ਹੋਰ ਵੀ ਜਿਹੜੀਆਂ ਇਤਿਹਾਸਕ ਥਾਵਾਂ ‘ਤੇ ਨਾਜਾਇਜ਼ ਕਬਜ਼ੇ ਹੋਏ ਹਨ, ਉਨ੍ਹਾਂ ਨੂੰ ਵੀ ਛੁਡਵਾ ਕੇ ਸਰਕਾਰ ਆਪਣੇ ਅਧੀਨ ਲਵੇ।
ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਦੇ ਦੌਰੇ ਮੌਕੇ ਉਪਰਕੋਤ ਸੰਸਥਾਵਾਂ ਦੇ ਅਹੁਦੇਦਾਰ ਬਲਦੇਵ ਸਿੰਘ ਰੰਧਾਵਾ, ਗਗਨਦੀਪ ਸਿੰਘ ਵਿਰਕ, ਰਾਜਪ੍ਰੀਤ ਸਿੰਘ ਢਿੱਲੋਂ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਗੁਰਦਰਸ਼ਨ ਸਿੰਘ ਬਟਾਲਾ ਤੇ ਸੁਖਦੇਵ ਸਿੰਘ ਰੰਧਾਵਾ ਹਾਜ਼ਰ ਸਨ।
ਉਧਰ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਦੇ ਸਰਪ੍ਰਸਤ ਕੁਸ਼ਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਿੱਖ ਕੌਮ ਦੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਹਵੇਲੀ ‘ਚ ਪੁਰਾਤਨ ਨਿਸ਼ਾਨੀਆਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਵਿੱਖ ਵਿਚ ਇੱਥੇ ਬਣਨ ਵਾਲੀ ਇਮਾਰਤ ਦੇ ਨਕਸ਼ੇ ਦੀਆਂ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਇਸ ਸਥਾਨ ਨੂੰ ਖ਼ੂਬਸੂਰਤ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਹਵੇਲੀ ਨੂੰ ਢਹਿ-ਢੇਰੀ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

Leave a comment