#PUNJAB

ਜਿਨਸੀ ਸ਼ੋਸ਼ਣ ਮਾਮਲੇ ‘ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵੱਲੋਂ ਅਦਾਲਤ ‘ਚ ਚਾਰਜਸ਼ੀਟ ਦਾਖਲ

ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਚੰਡੀਗੜ੍ਹ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਆਪਣੀ ਅੰਤਿਮ ਰਿਪੋਰਟ ਇੱਥੋਂ ਦੀ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ। ਕੇਸ ਦਰਜ ਹੋਣ ਤੋਂ ਕਰੀਬ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ। ਪੁਲਿਸ ਨੇ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ। ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਨੂੰ ਆਈ.ਪੀ.ਸੀ. ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਵਿਚ ਮੁਲਜ਼ਮ ਬਣਾਇਆ ਹੈ। ਹੁਣ ਚਲਾਨ ‘ਚ ਸ਼ਾਮਲ ਦੋਸ਼ਾਂ ‘ਤੇ ਬਹਿਸ ਸ਼ੁਰੂ ਹੋਵੇਗੀ, ਅਦਾਲਤ ਦੀ ਅਗਲੀ ਪੇਸ਼ੀ ‘ਤੇ ਸੰਦੀਪ ਸਿੰਘ ਦਾ ਪੇਸ਼ ਹੋਣਾ ਜ਼ਰੂਰੀ ਹੈ। ਮਹਿਲਾ ਕੋਚ ਜਿਸ ਨੇ ਮੰਤਰੀ ‘ਤੇ ਸ਼ੋਸ਼ਣ ਦੇ ਦੋਸ਼ ਲਗਾਏ ਹਨ ਦੀ ਵਕੀਲ ਦੀਪਾਂਸ਼ੂ ਬਾਂਸਲ ਨੇ ਐਕਸ ‘ਤੇ ਲਿਖਿਆ, ਹਾਲਾਂਕਿ ਸ਼ਿਕਾਇਤ ਦੇ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਪਰ ਹਾਲੇ ਵੀ ਇਸ ਵਿਚ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਹੈ। ਮਹਿਲਾ ਕੋਚ ਨੂੰ 11 ਅਗਸਤ ਨੂੰ ਹਰਿਆਣਾ ਦੇ ਖੇਡ ਵਿਭਾਗ ਨੇ ਅਨੁਸ਼ਾਸਨੀ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਸੀ।

Leave a comment