#PUNJAB

ਜਲੰਧਰ ਜ਼ਿਮਨੀ ਚੋਣ ‘ਚ ਚੋਣ ਪ੍ਰਚਾਰ ਦੀ ਕਮਾਨ ਮਾਲਵੇ ਦੇ ਹਿੱਸੇ ਆਈ

ਸੰਗਰੂਰ, 19 ਅਪ੍ਰੈਲ (ਪੰਜਾਬ ਮੇਲ)-ਪੰਜਾਬ ਵਿਚ ਦੁਆਬਾ ਖੇਤਰ ਦੇ ਲੋਕ ਸਭਾ ਹਲਕਾ ਜਲੰਧਰ ਦੀ ਹੋ ਰਹੀ ਲੋਕ ਸਭਾ ਉਪ ਚੋਣ ਵਿਚ ਚੋਣ ਪ੍ਰਚਾਰ ਪੂਰੇ ਜ਼ੋਰ ‘ਤੇ ਹੈ। ਇਸ ਚੋਣ ਵਿਚ ਬੇਸ਼ੱਕ ਦੁਆਬੇ ਦੇ ਲੋਕ ਸ਼ਾਮਲ ਹੋਣਗੇ ਪਰ ਚੋਣ ਪ੍ਰਚਾਰ ਮਾਲਵੇ ਦੇ ਹਿੱਸੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਆਪਣੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿਚ ਚੱਲ ਰਹੇ ਚੋਣ ਪ੍ਰਚਾਰ ਦੀ ਕਮਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਭਾਲ ਰੱਖੀ ਹੈ, ਜੋ ਮਾਲਵਾ ਖੇਤਰ ਨਾਲ ਸੰਬੰਧਿਤ ਹਨ। ਉਨ੍ਹਾਂ ਨਾਲ ਚੋਣ ਪ੍ਰਚਾਰ ਦੀ ਟੀਮ ਵਿਚ ਸ਼ਾਮਿਲ ਆਗੂਆਂ ‘ਚੋਂ ਵੀ ਅੱਧੇ ਆਗੂ ਮਾਲਵਾ ਖੇਤਰ ਨਾਲ ਸੰਬੰਧਿਤ ਹਨ। ਇਸੇ ਤਰ੍ਹਾਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਤੇ ਬੀਬੀ ਰਜਿੰਦਰ ਕੌਰ ਭੱਠਲ ਨੇ ਸੰਭਾਲੀ ਹੋਈ ਹੈ ਅਤੇ ਇਹ ਸਾਰੇ ਮਾਲਵਾ ਖੇਤਰ ਤੋਂ ਹੀ ਆਉਂਦੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਚੋਣ ਜ਼ਿੰਮੇਵਾਰੀ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪੀ ਗਈ ਹੈ, ਜੋ ਮਾਲਵਾ ਦੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਵਿਚ ਜਿਨ੍ਹਾਂ ਆਗੂਆਂ ਨੂੰ ਉਤਾਰਿਆ ਗਿਆ ਹੈ, ਉਨ੍ਹਾਂ ਵਿਚ ਮਾਲਵਾ ਖੇਤਰ ਤੋਂ ਪਾਰਟੀ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ, ਪਾਰਟੀ ਦੇ ਸੂਬਾ ਕੁਆਰਡੀਨੇਟਰ ਜਤਿੰਦਰ ਕਾਲੜਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਸ਼ਾਮਿਲ ਹਨ। ਭਾਜਪਾ ਆਗੂ ਨੂੰ ਸਮਰਥਨ ਦੇਣ ਵਾਲੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਵੀ ਮਲਵਈ ਆਗੂਆਂ ਵਿਚ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਦਿਨ-ਰਾਤ ਇਕ ਕਰ ਰਹੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸੰਬੰਧ ਵੀ ਮਾਲਵਾ ਖੇਤਰ ਨਾਲ ਹੈ ਅਤੇ ਉਮੀਦਵਾਰ ਵੀ ਮਾਲਵੇ ‘ਚੋਂ ਹੀ ਹੈ।

Leave a comment