#PUNJAB

ਜਲੰਧਰ ਜ਼ਿਮਨੀ ਚੋਣ: ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ

– ਨਤੀਜੇ 13 ਮਈ ਨੂੰ
– ਚੋਣ ‘ਚ 19 ਉਮੀਦਵਾਰ ਅਜ਼ਮਾ ਰਹੇ ਨੇ ਕਿਸਮਤ
ਜਲੰਧਰ, 10 ਮਈ (ਪੰਜਾਬ ਮੇਲ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਵੋਟਾਂ ਦਾ ਪੈਣ ਦਾ ਕੰਮ ਸਖਤ ਸੁਰੱਖਿਆ ਹੇਠ ਮੁਕੰਮਲ ਕਰ ਲਿਆ ਗਿਆ ਹੈ। ਪ੍ਰਸ਼ਾਸਨ ਨੇ ਚੋਣ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹਾਉਣ ਲਈ ਪੋਲਿੰਗ ਬੂਥਾਂ ‘ਤੇ 8 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਕੀਤੇ ਸਨ। ਇਸ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿਚ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਮੁਤਾਬਕ 19 ਉਮੀਦਵਾਰਾਂ ਵਿਚੋਂ 3 ਕੌਮੀ ਪਾਰਟੀਆਂ ਦੇ, 1 ਸੂਬਾਈ ਪਾਰਟੀ ਤੋਂ, 7 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਤੋਂ, ਜਦਕਿ 8 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਹਲਕੇ ਵਿਚ 16,21,800 ਵੋਟਰ ਹਨ ਅਤੇ ਇਸ ਹਲਕੇ ਤੋਂ ਚੋਣ ਮੈਦਾਨ ਵਿਚ ਕੁੱਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਨਿੱਤਰੇ ਸਨ। 1972 ਪੋਲਿੰਗ ਬੂਥਾਂ ‘ਤੇ ਵੋਟਾਂ ਪੈਣ ਦਾ ਕੰਮ ਹੋਇਆ। 3600 ਤੋਂ ਅਰਧ ਸੈਨਿਕ ਬਲ, ਆਰਮਡ ਫੋਰਸ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਖ-ਵੱਖ ਖੇਤਰਾਂ ‘ਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤੇ ਗਏ ਸਨ। ਸਵੇਰੇ 8 ਵਜੇ ਸ਼ੁਰੂ ਹੋਈਆਂ ਵੋਟਾਂ ਸ਼ਾਮ 6 ਵਜੇ ਤੱਕ ਨਿਰੰਤਰ ਚੱਲਦੀਆਂ ਰਹੀਆਂ। ਕਿਸੇ ਬੂਥ ਤੇ ਘੱਟ ਅਤੇ ਕਿਸੇ ਬੂਥ ‘ਤੇ ਵੱਧ ਵੋਟਰ ਦੇਖਣ ਨੂੰ ਮਿਲੇ। ਕੁੱਝ ਹਲਕਿਆਂ ਵਿਚ ਸਵੇਰੇ ਵੋਟ ਪਾਉਣ ਦੀ ਰਫਤਾਰ ਘੱਟ ਚੱਲ ਰਹੀ ਸੀ ਅਤੇ ਹੌਲੀ-ਹੌਲੀ ਇਹ ਗਤੀ ਫੜਦੀ ਗਈ। ਕੁੱਝ ਥਾਂਵਾਂ ਤੋਂ ਛਿਟਪੁੱਟ ਘਟਨਾਵਾਂ ਵੀ ਹੋਈਆਂ ਹਨ। ਵੋਟਿੰਗ ਦੌਰਾਨ ਬਾਗ ਕਰਮ ਬਖਸ਼ ਵਿਖੇ ਕਾਂਗਰਸੀ ਵਰਕਰ ਨਾਲ ਮਾਰਕੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਵਰਕਰ ਜ਼ਖਮੀ ਹੋ ਗਿਆ। ਹੰਗਾਮੇ ਤੋਂ ਬਾਅਦ ਨੀਮ ਫੌਜੀ ਦਸਤੇ ਮੌਕੇ ‘ਤੇ ਪਹੁੰਚੇ ਪਰ ਹਾਲੇ ਤੱਕ ਕਾਰਵਾਈ ਹੋਣ ਦਾ ਕੋਈ ਸਮਾਚਾਰ ਪ੍ਰਾਪਤ ਨਹੀਂ ਹੋਇਆ। ਕੁੱਝ ਇਕ ਪਾਰਟੀਆਂ ਦੇ ਬੂਥਾਂ ‘ਤੇ ਬਾਹਰੀ ਵਰਕਰ ਦੇਖਣ ਨੂੰ ਮਿਲੇ, ਜਿਨ੍ਹਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ। ਇਸ ਦੌਰਾਨ ਕੁੱਝ ਹਲਕਿਆਂ ਵਿਚ ਵੋਟਿੰਗ ਕਾਫੀ ਦੇਰ ਨਾਲ ਸ਼ੁਰੂ ਹੋਈ। ਲੋਹੀਆਂ ਦੇ ਬੂਥ ਨੰਬਰ 32 ‘ਤੇ ਫਿੱਟ ਕੀਤੀ ਈ.ਵੀ.ਐੱਮ. ਮਸ਼ੀਨ ਖਰਾਬ ਹੋਣ ਕਾਰਨ ਮਸ਼ੀਨ ਨੂੰ ਬਦਲਿਆ ਗਿਆ, ਜਿਸ ਕਾਰਨ ਵੋਟਾਂ ਪਾਉਣ ਦਾ ਸਿਲਸਿਲਾ ਕਾਫੀ ਦੇਰ ਨਾਲ ਸ਼ੁਰੂ ਹੋਇਆ। ਇਸ ਦੌਰਾਨ ਪਾਰਟੀ ਆਗੂਆਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। 19 ਉਮੀਦਵਾਰਾਂ ਦੀਆਂ ਕਿਸਮਤ ਹੁਣ ਈ.ਵੀ.ਐੱਮ. ਮਸ਼ੀਨਾਂ ‘ਚ ਬੰਦ ਹੋ ਗਈ ਹੈ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 13 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਹੋਵੇਗਾ।

Leave a comment