#AMERICA

ਕੈਲੀਫੋਰਨੀਆ ‘ਚ ਝੜਪਾਂ ਤੇ ਤਨਾਅ ਦਰਮਿਆਨ ਨੌ ਸੈਨਿਕ ਭੇਜਣ ਦੀ ਤਿਆਰੀ

ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਸ ਏਂਜਲਸ ‘ਚ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਤਨਾਅ ਤੇ ਝੜਪਾਂ ਦਰਮਿਆਨ ਸੰਘੀ ਅਧਿਕਾਰੀਆਂ ਵੱਲੋਂ 700 ਨੌ ਸੈਨਿਕ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਸ਼ਾਂਤੀ ਕਾਇਮ ਕਰਨ ਲਈ ਨੈਸ਼ਨਲ ਗਾਰਡਾਂ ਦੀ ਮਦਦ ਕਰਨਗੇ। ਦੂਸਰੇ ਪਾਸੇ ਰਾਜ ਦੇ ਅਧਿਕਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਗਵਰਨਰ ਗੈਵਿਨ ਨਿਊਸਮ ਦੀ ਅਥਾਰਿਟੀ ਨੂੰ ਕੁਚਲ ਦਿੱਤਾ ਗਿਆ ਹੈ, ਜਿਸ ਨੂੰ ਉਹ ਅਦਾਲਤ ਵਿਚ ਚੁਣੌਤੀ ਦੇਣਗੇ। ਨਿਊਸਮ ਨੇ ਨੌ ਸੈਨਿਕ ਭੇਜਣ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ”ਅਮਰੀਕੀ ਨੌ ਸੈਨਿਕਾਂ ਨੇ ਲੋਕਤੰਤਰ ਦੀ ਰਾਖੀ ਲਈ ਬਹੁਤ ਵਾਰ ਲੜਾਈਆਂ ਲੜੀਆਂ ਹਨ, ਉਹ ਸਾਡੇ ਹੀਰੋ ਹਨ, ਉਨ੍ਹਾਂ ਨੂੰ ਆਪਣੇ ਦੇਸ਼ ਦੀ ਧਰਤੀ ਉਪਰ ਤਾਇਨਾਤ ਨਾ ਕੀਤਾ ਜਾਵੇ, ਜਿਥੇ ਉਨ੍ਹਾਂ ਨੂੰ ਇਕ ਉਲਝੇ ਹੋਏ ਤਾਨਾਸ਼ਾਹ ਰਾਸ਼ਟਰਪਤੀ ਦੀ ਇੱਛਾ ਪੂਰੀ ਕਰਨ ਲਈ ਆਪਣੇ ਹੀ ਦੇਸ਼ ਦੇ ਨਾਗਿਰਕਾਂ ਨਾਲ ਲੜਨਾ ਪਵੇਗਾ। ਰੱਖਿਆ ਸਕੱਤਰ ਪੇਟੇ ਹੈਗਸੇਠ ਨੇ ਕਿਹਾ ਹੈ ਕਿ ਸੰਘੀ ਲਾਅ ਇਨਫੋਰਸਮੈਂਟ ਅਫਸਰਾਂ ਤੇ ਸੰਘੀ ਇਮਾਰਤਾਂ ਨੂੰ ਵਧੇ ਖਤਰੇ ਦੇ ਮੱਦੇਨਜ਼ਰ 700 ਦੇ ਕਰੀਬ ਨੌ ਸੈਨਿਕ ਲਾਸ ਏਂਜਲਸ ‘ਚ ਤਾਇਨਾਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਲਾਅ ਇਨਫੋਰਸਮੈਂਟ ਅਫਸਰਾਂ ਦੀ ਸਹਾਇਤਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਪਰੰਤੂ ਗੈਵਿਨ ਨਿਊਸਮ ਅਜਿਹਾ ਨਹੀਂ ਚਾਹੁੰਦੇ। ”ਇਸੇ ਦੌਰਾਨ ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿੱਖਿਆ ਹੈ, ”ਲਾਸ ਏਂਜਲਸ ਨੂੰ ਪ੍ਰਵਾਸੀਆਂ ਦੇ ਹਮਲੇ ਤੋਂ ਆਜ਼ਾਦ ਕਰਵਾਓ ਤੇ ਪ੍ਰਵਾਸੀਆਂ ਦੇ ਦੰਗਿਆਂ ਨੂੰ ਰੋਕੋ। ਕਾਨੂੰਨ ਵਿਵਸਥਾ ਬਹਾਲ ਕਰ ਦਿੱਤੀ ਜਾਵੇਗੀ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ ਤੇ ਲਾਸ ਏਂਜਲਸ ਆਜ਼ਾਦ ਹੋ ਜਾਵੇਗਾ।”