ਕੈਲਗਰੀ, 26 ਜੂਨ (ਪੰਜਾਬ ਮੇਲ)- ਕੈਨੇਡਾ ਤੋਂ ਇਕ ਵੱਡੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ‘ਚ ਦੱਖਣੀ ਏਸ਼ੀਆਈ, ਖ਼ਾਸ ਕਰ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ‘ਵਸੂਲੀ’ ਅਤੇ ਗੋਲੀਬਾਰੀ ਦੀਆਂ ਘਟਨਾਵਾਂ ‘ਤੇ ਕੈਲਗਰੀ ਪੁਲਿਸ ਸਰਵਿਸ (ਸੀ.ਪੀ.ਐੱਸ.) ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਣ ਅਤੇ ਜਨਤਾ ਕੋਲੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਇਸ ਮਾਮਲੇ ਵਿਚ ਨਾਮਜ਼ਦ 15 ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਪਛਾਣ ਜਨਤਕ ਕਰ ਦਿੱਤੀ ਹੈ।
ਪੁਲਿਸ ਮੁਤਾਬਕ, ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਕੈਲਗਰੀ ‘ਚ ਫਿਰੌਤੀਆਂ ਮੰਗਣ ਦੇ 49 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਡਰਾਉਣ-ਧਮਕਾਉਣ ਲਈ ਕੀਤੀਆਂ ਗਈਆਂ 19 ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਸ਼ਾਮਲ ਹਨ।
ਪੁਲਿਸ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ‘ਤੇ 56 ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਮੁਲਜ਼ਮਾਂ ‘ਚੋਂ ਕੋਈ ਵੀ ਕੈਨੇਡਾ ਦਾ ਪੱਕਾ ਨਾਗਰਿਕ ਨਹੀਂ ਹੈ। ਇਹ ਸਾਰੇ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ ਨੌਜਵਾਨ ਹਨ।
ਪੁਲਿਸ ਨੇ ਦੱਸਿਆ ਕਿ ਫੜੇ ਗਏ 16 ਮੁਲਜ਼ਮਾਂ ‘ਚੋਂ ਸਿਰਫ਼ ਇੱਕ ਹੀ ਇਸ ਵੇਲੇ ਜੇਲ੍ਹ ‘ਚ ਹੈ, ਜਦਕਿ ਬਾਕੀ 15 ਮੁਲਜ਼ਮ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਘੁੰਮ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਨਕਲੀ ਨਾਵਾਂ ਅਤੇ ਨਿਕ-ਨੇਮਜ਼ ਦੀ ਵਰਤੋਂ ਕਰ ਕੇ ਲੁੱਕ ਕੇ ਰਹਿ ਰਹੇ ਹਨ। ਕਈ ਵਾਰ ਉਨ੍ਹਾਂ ਦੇ ਨਾਲ ਰਹਿਣ ਵਾਲੇ ਰੂਮਮੇਟਸ ਨੂੰ ਵੀ ਉਨ੍ਹਾਂ ਦੇ ਅਸਲ ਨਾਂ ਦਾ ਪਤਾ ਨਹੀਂ ਹੁੰਦਾ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਇਨ੍ਹਾਂ ਲੋਕਾਂ ਨੂੰ ਦੇਖਿਆ ਹੋਵੇ ਜਾਂ ਇਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਪੁਲਿਸ ਜਾਂ ‘ਕ੍ਰਾਈਮ ਸਟੌਪਰਸ’ ਨੂੰ ਸੂਚਿਤ ਕਰੇ।
ਜਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਰਵਜੋਤ ਤੂਰ (20), ਜਰਮਨਜੀਤ ਸਿੰਘ (22), ਜਸਕਰਨ ਸਿੰਘ (21), ਕਰਨਬੀਰ ਸਿੰਘ (21), ਅਮਨਦੀਪ ਸਿੰਘ (21), ਅਨੁਰਾਗ ਸਿੱਧੂ (21), ਇਸ਼ਾਨਦੀਪ ਸਿੰਘ (19), ਅਮਨਦੀਪ ਮੱਲ੍ਹੀ (39), ਸੰਦੀਪ ਸਿੰਘ (32), ਦਕਸ਼ ਗੌਤਮ (25), ਅਕਾਸ਼ਦੀਪ ਸਿੰਘ (19), ਗਗਨਦੀਪ ਸਿੰਘ (29), ਪਰਦੀਪ ਸਿੰਘ (24), ਤਰਨਵੀਰ ਸਿੰਘ (24) ਅਤੇ ਗੁਰਕਰਨ ਧਾਲੀਵਾਲ (21) ਸ਼ਾਮਲ ਹਨ। ਇਹ ਤਸਵੀਰਾਂ ਪੁਲਿਸ ਨੇ ਇਸ ਲਈ ਜਾਰੀ ਕੀਤੀਆਂ ਹਨ, ਤਾਂ ਜੋ ਜੇਕਰ ਲੋਕ ਇਨ੍ਹਾਂ ਨੂੰ ਜਾਣਦੇ ਹਨ, ਜਾਂ ਇਨ੍ਹਾਂ ਦੇ ਟਿਕਾਣਿਆਂ ਬਾਰੇ ਕੋਈ ਵੀ ਜਾਣਕਾਰੀ ਹੈ, ਤਾਂ ਤੁਰੰਤ ਪੁਲਸ ਨੂੰ ਸੂਚਨਾ ਦੇਣ।
ਕੈਨੇਡਾ ‘ਚ ‘ਵਸੂਲੀ’ ਅਤੇ ਗੋਲੀਬਾਰੀ ਦੀਆਂ ਘਟਨਾਵਾਂ; ਕੈਲਗਰੀ ਪੁਲਿਸ ਵੱਲੋਂ 15 ਪੰਜਾਬੀਆਂ ਦੀਆਂ ਤਸਵੀਰਾਂ ਜਾਰੀ!

