#CANADA

ਕੈਨੇਡਾ ‘ਚ ਫਾਇਰਿੰਗ ਮਾਮਲੇ ‘ਚ 2 ਪੰਜਾਬੀਆਂ ਸਣੇ 4 ਨੌਜਵਾਨ ਗ੍ਰਿਫ਼ਤਾਰ!

ਸਰੀ, 26 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ‘ਚ 11 ਜੂਨ 2026 ਨੂੰ ਤੜਕਸਾਰ ਇੱਕ ਘਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ‘ਚੋਂ ਦੋ ਪੰਜਾਬੀ ਨੌਜਵਾਨਾਂ ‘ਤੇ ਅਪਰਾਧਿਕ ਧਾਰਾਵਾਂ ਲਗਾਈਆਂ ਗਈਆਂ ਹਨ, ਜਦਕਿ ਬਾਕੀ ਦੋ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਵਾਰਦਾਤ 11 ਜੂਨ ਦੀ ਸਵੇਰ ਸਰੀ ਦੇ ’96 ਐਵੇਨਿਊ ਅਤੇ 133ਏ ਸਟ੍ਰੀਟ’ ਸਥਿਤ ਇੱਕ ਘਰ ਵਿਖੇ ਵਾਪਰੀ ਸੀ, ਜਿੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਬਾਰੀ ਕਰਨ ਦੇ ਦੋਸ਼ ਹੇਠ 21 ਸਾਲਾ ਅਰਮਾਨ ਸਿੰਘ ਅਤੇ 22 ਸਾਲਾ ਸਿਮਰਜੀਤ ਸਿੰਘ ਨੂੰ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਇਹ ਦੋਵੇਂ ਭਾਰਤੀ ਨਾਗਰਿਕ ਹਨ ਅਤੇ ਇਸ ਵੇਲੇ ਪੁਲਿਸ ਹਿਰਾਸਤ ‘ਚ ਹਨ।
ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਇਹ ਮਾਮਲਾ ਫ਼ਿਰੌਤੀ ਨਾਲ ਜੁੜਿਆ ਹੋਇਆ ਜਾਪਦਾ ਹੈ। ਇਸ ਮਾਮਲੇ ‘ਚ ਫੜੇ ਗਏ ਬਾਕੀ ਦੋ ਹੋਰ ਮੁਲਜ਼ਮਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਤਹਿਤ ਸੀ.ਬੀ.ਐੱਸ.ਏ. ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਸਰੀ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਵਾਰਦਾਤ, ਮੁਲਜ਼ਮਾਂ ਜਾਂ ਇਸ ਨਾਲ ਜੁੜੇ ਹੋਰ ਟਿਕਾਣਿਆਂ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਪੁਲਿਸ ਦੇ ਨੰਬਰ 604-599-0502 ‘ਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਸਪੈਸ਼ਲ ਟਿਪ ਲਾਈਨ ਨੰਬਰ 236-485-5149 ‘ਤੇ ਸੂਚਨਾ ਦੇ ਸਕਦਾ ਹੈ।