ਵਿਨੀਪੈਗ, 12 ਅਕਤੂਬਰ (ਪੰਜਾਬ ਮੇਲ)- ਵਿਨੀਪੈਗ ਦੀ ਅਦਾਲਤ ਨੇ 45 ਸਾਲਾ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੂੰ ਇਮੀਗ੍ਰੇਸ਼ਨ ਅਤੇ ਰਫਿਊਜ਼ੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਬਲਕਰਨ ਸਿੰਘ ਨੇ ਵਿਦੇਸ਼ੀ ਧਾਰਮਿਕ ਮਿਸ਼ਨਰੀਆਂ ਨੂੰ ਐੱਲ.ਐੱਮ.ਆਈ. ਤੋਂ ਛੋਟ ਦੇਣ ਵਾਲੇ ਸੰਘੀ ਸਰਕਾਰ ਦੇ ਪ੍ਰਬੰਧ ਦਾ ਨਾਜਾਇਜ਼ ਫ਼ਾਇਦਾ ਚੁੱਕਿਆ। ਇਸ ਇਮੀਗ੍ਰੇਸ਼ਨ ਸਲਾਹਕਾਰ ਨੂੰ ਕਾਗ਼ਜ਼ਾਂ ਵਿਚ ਐਲਾਨੇ ਧਾਰਮਿਕ ਸਥਾਨ ਦੇ ਨਾਮ ਹੇਠ ਨੌਕਰੀਆਂ ਲਈ ਜਾਅਲਸਾਜ਼ੀ ਕਰਨ ਦੇ ਦੋਸ਼ ਹੇਠ ਦੋ ਸਾਲ ਦੀ ਘਰ ਵਿਚ ਨਜ਼ਰਬੰਦੀ ਅਤੇ 50,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਸਰਕਾਰੀ ਵਕੀਲ ਨੇ ਸੂਬਾਈ ਅਦਾਲਤ ਨੂੰ ਦੱਸਿਆ ਕਿ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੇ ਦਸੰਬਰ 2020 ਵਿਚ ਪਾਈਨ ਰਿੱਜ ਵਿਚ ਰਿਹਾਇਸ਼ੀ ਜਾਇਦਾਦ ਖ਼ਰੀਦੀ ਸੀ ਅਤੇ ਇਸ ਨੂੰ ਗੁਰਦੁਆਰੇ ਵਜੋਂ ਰਜਿਸਟਰਡ ਕਰਵਾਇਆ ਸੀ ਪਰ ਇਸ ਜਾਇਦਾਦ ਨੂੰ ਰਿਹਾਇਸ਼ੀ ਜਾਇਦਾਦ ਵਜੋਂ ਵਰਤਿਆ ਤੇ ਫਰਜ਼ੀ ਐੱਲ.ਐੱਮ.ਆਈ. ਰਾਹੀਂ ਘੁਟਾਲਾ ਕੀਤਾ ਸੀ।