#CANADA

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਤਿੰਨ ਮਹੀਨਿਆਂ ਦੇ ਪੋਤੇ ਦੀ ਸੜਕ ਹਾਦਸੇ ‘ਚ ਮੌਤ

-ਨੂੰਹ-ਪੁੱਤ ਗੰਭੀਰ ਜ਼ਖ਼ਮੀ
ਟੋਰਾਂਟੋ, 3 ਮਈ (ਪੰਜਾਬ ਮੇਲ)- ਕੈਨੇਡਾ ‘ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਸਮੇਤ ਚਾਰ ਵਿਅਕਤੀ ਸੜਕ ਹਾਦਸੇ ‘ਚ ਉਦੋਂ ਮਾਰੇ ਗਏ, ਜਦੋਂ ਓਨਟਾਰੀਓ ਪੁਲਿਸ ਦੀ ਗੱਡੀ ਨੇ ਸ਼ਰਾਬ ਦੀ ਦੁਕਾਨ ਲੁੱਟਣ ਵਾਲੇ ਸ਼ੱਕੀ ਨੂੰ ਫੜਨ ਲਈ ਉਲਟੀ ਦਿਸ਼ਾ ਵੱਲ ਗੱਡੀ ਮੋੜ ਲਈ। ਇਸ ਕਾਰਨ ਕਈ ਵਾਹਨ ਆਪਸ ਵਿਚ ਟਕਰਾਅ ਗਏ। ਹਾਦਸੇ ਵਿਚ ਚਾਰਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਵਿਚ ਮਰਨ ਵਾਲਿਆਂ ਵਿਚ 60 ਸਾਲਾ ਵਿਅਕਤੀ ਅਤੇ 55 ਸਾਲਾ ਔਰਤ ਸ਼ਾਮਲ ਹੈ, ਜੋ ਭਾਰਤ ਤੋਂ ਆਏ ਸਨ। ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ। ਹਾਦਸੇ ਵਿਚ ਜੋੜੇ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਵੀ ਮੌਤ ਹੋ ਗਈ। ਸੋਮਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਹਾਈਵੇਅ 401 ਕਈ ਘੰਟਿਆਂ ਤੱਕ ਬੰਦ ਰਿਹਾ। ਨਵਜੰਮੇ ਬੱਚੇ ਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਂ ਜ਼ਖ਼ਮੀ ਹੋ ਗਏ। ਔਰਤ ਦੀ ਹਾਲਤ ਗੰਭੀਰ ਹੈ। ਹਾਦਸੇ ਵਿਚ ਲੁੱਟ ਕਰਨ ਵਾਲੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ।