ਜਲੰਧਰ, 3 ਦਸੰਬਰ (ਪੰਜਾਬ ਮੇਲ)- ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨ ਅੰਦੋਲਨ ਦੌਰਾਨ 700 ਤੋਂ ਵਧ ਕਿਸਾਨ ਸ਼ਹੀਦ ਹੋਏ ਸਨ। ਸਰਕਾਰ ਨਾਲ ਹੋਏ ਸਮਝੌਤੇ ਤਹਿਤ ਜਿਹੜੇ ਕਿਸਾਨ ਅਤੇ ਖੇਤ ਮਜ਼ਦੂਰ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਆਰਥਿਕ ਮਦਦ ਕੀਤੀ ਗਈ ਹੈ।
ਇਸ ਦੇ ਤਹਿਤ ਹੁਣ 18 ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਚ ਕਲਰਕ ਦੀ ਨੌਕਰੀ ਦਿੱਤੀ ਗਈ ਹੈ। ਹੁਣ ਜ਼ਿਲ੍ਹਿਆਂ ‘ਚ ਨੌਕਰੀ ਜੁਆਇਨਿੰਗ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਨ੍ਹਾਂ 18 ਪਰਿਵਾਰਕ ਮੈਂਬਰਾਂ ਵਿਚੋਂ ਜਲੰਧਰ ਨੂੰ 8 ਕਲਰਕ ਮਿਲੇ ਹਨ। ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਦੇ ਤਹਿਤ 18 ਵਾਰਸਾਂ ਨੂੰ ਗਰੁੱਪ ਸੀ ਵਿਚ ਰੁਜ਼ਗਾਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਬਰਨਾਲਾ, ਜਲੰਧਰ, ਪਟਿਆਲਾ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਨੂੰ ਭੇਜੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਮਹੀਨੇ ਵਿਚ ਪੱਤਰ ਜਾਰੀ ਕਰਦੇ ਹੋਏ ਮ੍ਰਿਤਕ ਕਿਸਾਨਾਂ ਦੇ 18 ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਵਿਚੋਂ ਕਿਸੇ ਨੇ ਜਲੰਧਰ ਵਿਚ ਜੁਆਇਨਿੰਗ ਨਹੀਂ ਕੀਤੀ ਹੈ। ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਸਾਰੇ ਉਮੀਦਵਾਰ ਕਲਰਕ ਦੀ ਨੌਕਰੀ ਜੁਆਇਨ ਕਰਨਗੇ।