#CANADA

ਓਨਟਾਰੀਓ ਪੁਲਿਸ ਵੱਲੋਂ 3 ਮਿਲੀਅਨ ਡਾਲਰ ਦੇ ਚੋਰੀ ਦੇ ਵਾਹਨਾਂ ਸਮੇਤ 3 ਪੰਜਾਬੀ ਗ੍ਰਿਫ਼ਤਾਰ

ਟੋਰਾਂਟੋ, 17 ਅਗਸਤ (ਪੰਜਾਬ ਮੇਲ)- ਓਨਟਾਰੀਓ ਪੁਲਿਸ ਨੇ ਬੀਤੇ ਦਿਨੀਂ ਜਾਂਚ ਦੌਰਾਨ 3 ਮਿਲੀਅਨ ਡਾਲਰ ਦੇ ਚੋਰੀ ਹੋਏ ਵਾਹਨਾਂ ਸਮੇਤ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਯੌਰਕ ਓਨਟਾਰੀਓ ਦੇ ਖੇਤਰ ਵਿਚ ਚੋਰੀਆਂ ਕਰਨ ਵਾਲੇ ਗੈਂਗ ਨੂੰ ਖ਼ਤਮ ਕਰਨ ਵਿਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਹੁਣ ਲਗਭਗ 3 ਮਿਲੀਅਨ ਡਾਲਰ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ ਕੀਤੇ ਹਨ ਅਤੇ ਚੋਰਾਂ ’ਤੇ 80 ਤੋਂ ਵੱਧ ਦੋਸ਼ ਲਗਾਏ ਗਏ ਹਨ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਰੀ ਇਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਚੋਰੀ ਹੋਏ ਵਾਹਨਾਂ ਦੀ ਜਾਂਚ ਮਈ ਮਹੀਨੇ ਸ਼ੁਰੂ ਹੋਈ ਸੀ ਅਤੇ ਇਸ ਮਾਮਲੇ ਵਿਚ ਪੰਜਾਬੀ ਮੂਲ ਦੇ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਖ਼ਿਲਾਫ਼ 8 ਸਰਚ ਵਾਰੰਟ ਕੱਢੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਪਾਸੋਂ ਲਗਭਗ 30,000 ਡਾਲਰ ਦੀ ਨਕਦੀ ਦੇ ਨਾਲ-ਨਾਲ ਉਨ੍ਹਾਂ ਵੱਲੋਂ ਇਕ ਗੈਰਾਜ ਵਿਚ ਰੱਖੇ ਪੁਲਿਸ ਸਕੈਨਰ ਯੰਤਰ ਅਤੇ 100 ਤੋਂ ਵੱਧ ਦੇ ਕਰੀਬ ਮਾਸਟਰ ਚਾਬੀਆਂ ਵੀ ਜ਼ਬਤ ਕੀਤੀਆਂ ਹਨ। ਇਨ੍ਹਾਂ ਪੰਜਾਬੀਆਂ ਦੀ ਪਛਾਣ ਰਿਚਮੰਡ ਹਿੱਲ ਦੇ ਨਿਵਾਸੀ ਰਣਵੀਰ ਸੈਫੀ (24), ਕੁਲਜੀਤ ਸਿੰਘ ਸਿਵੀਆ (23) ਅਤੇ ਬਰੈਂਪਟਨ ਦੇ ਨਿਵਾਸੀ ਜਸਮਨ ਪੰਨੂ (21) ਸਾਲ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ ’ਤੇ ਕੁੱਲ 83 ਦੇ ਕਰੀਬ ਦੋਸ਼ ਆਇਦ ਕੀਤੇ ਗਏ ਹਨ।

Leave a comment