ਓਟਵਾ, 22 ਜੂਨ (ਪੰਜਾਬ ਮੇਲ)- ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਤੋਂ ਸਰੀ ਵਿਚ ਰਹਿਣ ਵਾਲੇ ਸਿੱਖ ਕਮਿਊਨਿਟੀ ਦੇ ਉੱਘੇ ਮੈਂਬਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਕੈਨੇਡਾ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿਚੋਂ ਇਕ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਨਿੱਜਰ ਪ੍ਰਧਾਨ ਸੀ। ਐਤਵਾਰ ਸ਼ਾਮ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਉਸ ਦੀ ਗੱਡੀ ਵਿਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਜਗਮੀਤ ਸਿੰਘ ਨੇ ਮੈਂਡੀਸਿਨੋ ਨੂੰ ਮੰਗਲਵਾਰ ਨੂੰ ਲਿਖੇ ਖੁੱਲ੍ਹੇ ਪੱਤਰ ਵਿਚ ਇਹ ਆਖਿਆ ਕਿ ਇਸ ਹਿੰਸਕ ਘਟਨਾ ਤੋਂ ਬਾਅਦ ਸਿੱਖ ਕਮਿਊਨਿਟੀ ਪਹਿਲਾਂ ਨਾਲੋਂ ਵੀ ਚਿੰਤਤ ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਪਬਲਿਕ ਸੇਫਟੀ ਮੰਤਰੀ ਹੋਣ ਨਾਤੇ ਹਰ ਕੈਨੇਡੀਅਨ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੇ ਇਸ ਲਈ ਜੋ ਬਣਦਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਿੱਝਰ ਦੇ ਕਤਲ ਦੀ ਜਾਂਚ ਕਰਵਾਈ ਜਾਵੇ ਤੇ ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਏ ਦੋਸ਼ਾਂ ਦੀ ਵੀ ਤਹਿ ਤੱਕ ਜਾਇਆ ਜਾਵੇ।