14 C
Sacramento
Tuesday, March 28, 2023
spot_img

ਐੱਨ.ਆਈ.ਏ. ਵੱਲੋਂ ਗੈਂਗਸਟਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ

ਮੂਸੇਵਾਲਾ-ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜੇ ਸਿੰਡੀਕੇਟ ਦੇ ਤਾਰ
ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਐੱਨ.ਆਈ.ਏ. ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਬਰਦਸਤੀ ਵਸੂਲੀ ਤੇ ਕਤਲ ਜਿਹੇ ਸੰਗਠਿਤ ਜੁਰਮਾਂ ਵਿਚ ਸ਼ਾਮਲ ਉੱਤਰ ਭਾਰਤ ਦੇ ਅਪਰਾਧੀਆਂ ਖ਼ਿਲਾਫ਼ ਜਾਰੀ ਜਾਂਚ ਤਹਿਤ 5 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਐੱਨ.ਆਈ.ਏ. ਨੇ ਇਕ ਬਿਆਨ ਵਿਚ ਕਿਹਾ, ”ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਦਿੱਲੀ ‘ਚ ਆਸਿਫ਼ ਖ਼ਾਨ ਦਾ ਇਕ ਘਰ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਸੁਰਿੰਦਰ ਸਿੰਘ ਉਰਫ਼ ਚੀਕੂ ਦੇ 3 ਵੱਖ-ਵੱਖ ਥਾਵਾਂ ‘ਤੇ ਇਕ ਮਕਾਨ ਤੇ ਖੇਤੀ ਜ਼ਮੀਨ ਸ਼ਾਮਲ ਹਨ।” ਬਿਆਨ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ-ਐੱਨ.ਸੀ.ਆਰ. ਵਿਚ ਗੈਂਗਸਟਰ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ 76 ਥਾਵਾਂ ‘ਤੇ ਏਜੰਸੀ ਵੱਲੋਂ ਫ਼ਰਵਰੀ ਵਿਚ ਕੀਤੀ ਗਈ ਛਾਪੇਮਾਰੀ ਦੇ ਮੱਦੇਨਜ਼ਰ ਇਹ ਕੁਰਕੀ ਤੇ ਜ਼ਬਤੀ ਕੀਤੀ ਗਈ ਹੈ।
ਇਹ ਕਾਰਵਾਈ ਐੱਨ.ਆਈ.ਏ. ਵੱਲੋਂ ਅਗਸਤ, 2022 ਵਿਚ ਗੈਰ-ਕਨੂੰਨੀ ਸਰਗਰਮੀਆਂ ਰੋਕਥਾਮ ਐਕਟ (ਯੂ.ਏ.ਪੀ.ਏ.) ਤਹਿਤ ਤਿੰਨ ਮੁੱਖ ਸੰਗਠਿਤ ਅਪਰਾਧ ਸਿੰਡੀਕੇਟ ਦੇ ਖ਼ਿਲਾਫ਼ ਦਰਜ ਮਾਮਲਿਆਂ ਨਾਲ ਸਬੰਧਤ ਹੈ। ਇਨ੍ਹਾਂ ਸਿੰਡੀਕੇਟ ਨੇ ਆਪਣੇ ”ਮਾਫੀਆ-ਸਟਾਈਲ ਦੇ ਅਪਰਾਧਿਕ ਨੈੱਟਵਰਕ ਨੂੰ ਉੱਤਰੀ ਸੂਬਿਆਂ ‘ਚ ਫੈਲਾਇਆ ਹੈ ਤੇ ਕਈ ਸਨਸਨੀਖੇਜ਼ ਜੁਰਮ ਸ਼ਾਮਲ ਹਨ, ਜਿਵੇਂ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਵਪਾਰੀਆਂ ਤੇ ਪੇਸ਼ੇਵਰਾਂ ਤੋਂ ਵੱਡੇ ਪੱਧਰ ‘ਤੇ ਜ਼ਬਰਦਸਤੀ ਵਸੂਲੀ।” ਏਜੰਸੀ ਨੇ ਕਿਹਾ ਕਿ ਇਨ੍ਹਾਂ ਅਪਰਾਧਾਂ ਵਿਚ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਤੇ ਪੰਜਾਬ ਦੇ ਇਕ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਸ਼ਾਮਲ ਹੈ।
ਐੱਨ.ਆਈ.ਏ. ਨੇ ਕਿਹਾ ਕਿ ਇਨ੍ਹਾਂ ‘ਚੋਂ ਕਈ ਜ਼ੁਰਮ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ਤੇ ਕੈਨੇਡਾ ਵਿਚ ਬੈਠੇ ਸਨ ਤੇ ਸਿੰਡੀਕੇਟ ਦੇ ਕੁੱਝ ਸਰਗਨਾ ਨੇ ਜੇਲ੍ਹਾਂ ਤੋਂ ਹੀ ਵਾਰਦਾਤਾਂ ਦੀ ਸਾਜ਼ਿਸ਼ ਰਚੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ”ਅੱਤਵਾਦ ਦੀ ਆਮਦਨ” ਦੇ ਤਹਿਤ ਪਾਈਆਂ ਗਈਆਂ ਅਤੇ ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦੀ ਸਾਜ਼ਿਸ਼ ਰਚਣ ਅਤੇ ਜੁਰਮਾਂ ਨੂੰ ਅੰਜਾਮ ਦੇਣ ਵਿਚ ਕੀਤਾ ਗਿਆ ਸੀ। ਸੁਰਿੰਦਰ ਉਰਫ਼ ਚੀਕੂ ਬਦਨਾਮ ਮਾਫੀਆਵਾਂ ਨਰੇਸ਼ ਸੇਠੀ, ਅਨਿਲ ਚਿੱਪੀ ਤੇ ਰਾਜੂ ਬਸੌਦੀ ਦਾ ਕਰੀਬੀ ਸਹਿਯੋਗੀ ਹੈ, ਜਿਨ੍ਹਾਂ ਨੂੰ ਪਹਿਲਾਂ ਐੱਨ.ਆਈ.ਏ. ਨੇ ਗ੍ਰਿਫ਼ਤਾਰ ਕੀਤਾ ਸੀ। ਬਿਆਨ ਮੁਤਾਬਕ ਸੁਰਿੰਦਰ ਕਤਲਕਾਂਡ, ਅਗਵਾ ਅਤੇ ਜ਼ਬਰਨ ਵਸੂਲੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles