ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)– 22 ਜਨਵਰੀ ਤੋਂ ਇੰਗਲੈਂਡ ਨਾਲ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। 1 ਸਾਲ ਤੋਂ ਵੀ ਵੱਧ ਸਮੇਂ ਤੋਂ ਟੀਮ ‘ਚੋਂ ਬਾਹਰ ਚੱਲ ਰਹੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ ‘ਚ ਵਾਪਸੀ ਹੋਈ ਹੈ, ਜਦਕਿ ਅਕਸ਼ਰ ਪਟੇਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆ ਖ਼ਿਲਾਫ਼ ਹੋਈ ਟੈਸਟ ਸੀਰੀਜ਼ ‘ਚ ਹਮਲਾਵਰ ਬੱਲੇਬਾਜ਼ੀ ਕਰਨ ਵਾਲੇ ਰਿਸ਼ਭ ਪੰਤ ਨੂੰ ਆਰਾਮ ਦਿੱਤਾ ਗਿਆ ਹੈ। ਸ਼ੁੱਭਮਨ ਗਿੱਲ ਨੂੰ ਵੀ ਇਸ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ, ਜਦਕਿ ਯੁਜਵੇਂਦਰ ਚਹਲ ਵੀ ਟੀਮ ‘ਚ ਵਾਪਸੀ ਨਹੀਂ ਕਰ ਸਕੇ।
ਜ਼ਿਕਰਯੋਗ ਹੈ ਕਿ 2023 ਦੇ ਵਨਡੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ੰਮੀ ਗਿੱਟੇ ਦੀ ਸੱਟ ਕਾਰਨ ਲਗਾਤਾਰ ਟੀਮ ‘ਚੋਂ ਬਾਹਰ ਚੱਲ ਰਹੇ ਸਨ, ਪਰ ਉਨ੍ਹਾਂ ਨੇ ਘੇਰਲੂ ਕ੍ਰਿਕਟ ‘ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀ 14 ਮਹੀਨੇ ਦੇ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ।
ਉੱਥੇ ਹੀ ਧਾਕੜ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੀ ਪਹਿਲੀ ਵਾਰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ, ਜਿਸ ਲਈ ਇਹ ਇਕ ਅਹਿਮ ਜ਼ਿੰਮੇਵਾਰੀ ਹੋਵੇਗੀ।
ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਚੁਣੀ ਗਈ ਭਾਰਤੀ ਟੀਮ ਇਸ ਪ੍ਰਕਾਰ ਹੈ:-
ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਵਰੁਣ ਚਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ।