#INDIA

ਇਮੀਗ੍ਰੇਸ਼ਨ ਬਿੱਲ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ

ਇਮੀਗ੍ਰੇਸ਼ਨ ਬਿੱਲ ਮੁਤਾਬਕ ਸਾਰੇ ਵਿਦੇਸ਼ੀ ਅਪਰਾਧੀ ਨੇ : ਸਿੰਘਵੀ
ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਮੇਲ)- ਰਾਜ ਸਭਾ ਵਿਚ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਪਰਵਾਸ ਤੇ ਵਿਦੇਸ਼ੀ ਬਿੱਲ 2025 ਇਹ ਸੁਨੇਹਾ ਦਿੰਦਾ ਹੈ ਕਿ ਸਾਰੇ ਵਿਦੇਸ਼ੀ ‘ਸੰਭਾਵੀ ਅਪਰਾਧੀ’ ਹਨ ਜਿਨ੍ਹਾਂ ਨੂੰ ਭਾਰਤ ਵੱਲੋਂ ਗੰਭੀਰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਲੋਕ ਸਭਾ ਵੱਲੋਂ 27 ਮਾਰਚ ਨੂੰ ਪਾਸ ਕੀਤੇ ਗਏ ਬਿੱਲ ਦਾ ਵਿਰੋਧ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਵੇ, ਕਿਉਂਕਿ ਇਹ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਵਾਧੂ ਤਾਕਤਾਂ ਦਿੰਦਾ ਹੈ ਅਤੇ ਇਸ ਵਿਚ ਹੋਰ ਘਾਟਾਂ ਤੋਂ ਇਲਾਵਾ ਅਪੀਲ, ਨਿਗਰਾਨੀ ਤੇ ਜਵਾਬਦੇਹੀ ਦਾ ਪ੍ਰਬੰਧ ਨਹੀਂ ਹੈ।
ਸਿੰਘਵੀ ਨੇ ਕਿਹਾ, ”ਇਹ ਤਜਵੀਜ਼ਤ ਕਾਨੂੰਨ ਇਕ ਸਿਪਾਹੀ ਨੂੰ ਇਕ ਸੁਪਰ ਕਮਿਸ਼ਨਰ ਪੱਧਰ ਤੱਕ ਦੀਆਂ ਤਾਕਤਾਂ ਅਤੇ ਪ੍ਰੇਸ਼ਾਨ ਕਰਨ ਦਾ ਲਾਇਸੈਂਸ ਦੇ ਦਿੰਦਾ ਹੈ। ਇਹ ਸਭ ਕੁਝ ਸਿਰਫ਼ ਬੁਨਿਆਦੀ ਤੌਰ ‘ਤੇ ਗਲਤ ਧਾਰਨਾ ‘ਤੇ ਆਧਾਰਿਤ ਹੋਣ ਕਰਕੇ ਹੈ ਕਿ ਭਾਰਤੀ ਸੰਵਿਧਾਨ ਅਧੀਨ ਵਿਦੇਸ਼ੀਆਂ ਨੂੰ ਕੋਈ ਅਧਿਕਾਰ ਨਹੀਂ ਹੈ।” ਉਨ੍ਹਾਂ ਕਿਹਾ ਕਿ ਇਹ ਬਿੱਲ ਕੇਂਦਰ ਸਰਕਾਰ ਨੂੰ ਨਾ ਸਿਰਫ਼ ਕੌਮੀ ਸੁਰੱਖਿਆ, ਪ੍ਰਭੂਸੱਤਾ, ਭਾਰਤ ਦੀ ਅਖੰਡਤਾ, ਵਿਦੇਸ਼ੀ ਸਬੰਧਾਂ ਅਤੇ ਜਨਤਕ ਸਿਹਤ ਦੇ ਆਧਾਰ ‘ਤੇ ਕਿਸੇ ਵੀ ਵਿਦੇਸ਼ੀ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਕਰਨ ਜਾਂ ਡਿਪੋਰਟ ਕਰਨ ਦਾ ਅਧਿਕਾਰ ਦਿੰਦਾ ਹੈ, ਸਗੋਂ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਕੁਝ ਹੋਰ ਆਧਾਰਾਂ ‘ਤੇ ਵੀ ਦਾਖ਼ਲਾ ਦੇਣ ਜਾਂ ਡਿਪੋਰਟ ਕਰਨ ਦਾ ਅਧਿਕਾਰ ਦਿੰਦਾ ਹੈ।