ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਆਂ ਵਿਭਾਗ ਨੇ ਇਮੀਗ੍ਰੇਸ਼ਨ ਅਦਾਲਤਾਂ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ। ਇਸ ਤਹਿਤ ਇਮੀਗ੍ਰੇਸ਼ਨ ਜੱਜ ਕੁਝ ਖ਼ਾਸ ਹਾਲਾਤਾਂ ਵਿਚ ਅਦਾਲਤੀ ਕਾਰਵਾਈ ਵਿਚ ਰੁਕਾਵਟ ਪਾਉਣ ਵਾਲੇ ਵਿਅਕਤੀਆਂ ਉੱਤੇ ਸਿਵਲ ਜੁਰਮਾਨੇ ਦੀ ਕਾਰਵਾਈ ਸ਼ੁਰੂ ਕਰ ਸਕਣਗੇ। ਇਹ ਹਾਲੇ ਪ੍ਰਸਤਾਵ ਹੈ, ਲਾਗੂ ਨਿਯਮ ਨਹੀਂ।
ਪ੍ਰਸਤਾਵ ਅਨੁਸਾਰ, ਇਹ ਕਾਰਵਾਈ ਇਮੀਗ੍ਰੇਸ਼ਨ ਕੇਸ ਵਾਲੇ ਵਿਅਕਤੀ, ਉਨ੍ਹਾਂ ਦੇ ਵਕੀਲ ਜਾਂ ਅਧਿਕਾਰਤ ਨੁਮਾਇੰਦੇ ਅਤੇ ਅਦਾਲਤ ਵਿਚ ਗਵਾਹੀ ਦੇਣ ਵਾਲੇ ਕੁਝ ਲੋਕਾਂ ‘ਤੇ ਲਾਗੂ ਹੋ ਸਕਦੀ ਹੈ। ਇਸ ਵਿਚ ਬਿਨਾਂ ਵਾਜਬ ਕਾਰਨ ਵਾਰ-ਵਾਰ ਸੁਣਵਾਈ ‘ਤੇ ਨਾ ਆਉਣਾ, ਅਦਾਲਤੀ ਹੁਕਮਾਂ ਮੁਤਾਬਕ ਕਾਗਜ਼ ਸਮੇਂ ਸਿਰ ਨਾ ਦੇਣਾ, ਅਦਾਲਤ ਵਿਚ ਗ਼ਲਤ ਜਾਂ ਗਾਲੀ-ਗਲੋਚ ਵਾਲਾ ਵਿਹਾਰ ਕਰਨਾ, ਜਾਣਬੁੱਝ ਕੇ ਝੂਠੀ ਜਾਣਕਾਰੀ ਦੇਣਾ ਜਾਂ ਕੇਸ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਗੁਮਰਾਹ ਕਰਨਾ ਸ਼ਾਮਲ ਹੈ।
ਪ੍ਰਸਤਾਵ ਵਿਚ ਜੁਰਮਾਨੇ ਦੀ ਰਕਮ ਪਹਿਲੀ ਉਲੰਘਣਾ ਲਈ 1,000 ਤੋਂ 1,500 ਡਾਲਰ, ਦੂਜੀ ਲਈ 1,500 ਤੋਂ 2,500 ਡਾਲਰ ਅਤੇ ਇਸ ਤੋਂ ਬਾਅਦ ਦੀਆਂ ਉਲੰਘਣਾਵਾਂ ਲਈ 2,500 ਤੋਂ 3,500 ਡਾਲਰ ਰੱਖੀ ਗਈ ਹੈ। ਰਕਮ ਤੈਅ ਕਰਦਿਆਂ ਉਲੰਘਣਾ ਨਾਲ ਹੋਏ ਨੁਕਸਾਨ, ਇਸ ਦੀ ਗੰਭੀਰਤਾ ਅਤੇ ਪਹਿਲਾਂ ਦਿੱਤੀਆਂ ਚੇਤਾਵਨੀਆਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।
ਪ੍ਰਸਤਾਵ ਮੁਤਾਬਕ, ਜੁਰਮਾਨਾ ਆਪਣੇ ਆਪ ਨਹੀਂ ਲੱਗੇਗਾ। ਪਹਿਲਾਂ ਚੇਤਾਵਨੀ ਅਤੇ ਲਿਖਤੀ ਨੋਟਿਸ ਦੇਣਾ ਹੋਵੇਗਾ। ਵਿਅਕਤੀ ਨੂੰ ਆਪਣਾ ਜਵਾਬ ਦੇਣ ਅਤੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦਾ ਮੌਕਾ ਵੀ ਮਿਲੇਗਾ।
ਇਮੀਗ੍ਰੇਸ਼ਨ ਜੱਜਾਂ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ‘ਤੇ ਜੁਰਮਾਨੇ ਦਾ ਪ੍ਰਸਤਾਵ

