#OTHERS

ਇਮਰਾਨ ਖ਼ਾਨ 8 ਦਿਨਾਂ ਲਈ ਐੱਨਏਬੀ ਹਵਾਲੇ

ਇਸਲਾਮਾਬਾਦ, 11 ਮਈ (ਪੰਜਾਬ ਮੇਲ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਕੋਰਟ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਠ ਦਿਨਾ ਰਿਮਾਂਡ ਤਹਿਤ ਕੌਮੀ ਇਹਤਸਾਬ ਬਿਊਰੋ (ਐੱਨਏਬੀ) ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਵੱਖਰੇ ਤੋਸ਼ਾਖਾਨਾ ਰਿਸ਼ਵਤ ਕੇਸ ਵਿੱਚ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਧਰ ਇਮਰਾਨ ਨੇ ਆਪਣੀ ‘ਜਾਨ ਨੂੰ ਖ਼ਤਰਾ’ ਦਸਦਿਆਂ ਦਾਅਵਾ ਕੀਤਾ ਕਿ ਉਸ ਦਾ ਹਸ਼ਰ ਸ਼ਾਹਬਾਜ਼ ਸ਼ਰੀਫ਼ ਮਨੀ ਲਾਂਡਰਿੰਗ ਕੇਸ ਦੇ ਗਵਾਹ ‘ਮਕਸੂਦ ਚਪੜਾਸੀ’ ਵਰਗਾ ਹੋ ਸਕਦਾ ਹੈ। ਨੀਮ ਫੌਜੀ ਬਲਾਂ ਦੇ ਰੇਂਜਰਾਂ ਨੇ ਖ਼ਾਨ ਨੂੰ ਲੰਘੇ ਦਿਨ ਇਸਲਾਮਾਬਾਦ ਹਾਈ ਕੋਰਟ ਦੇ ਇਕ ਕਮਰੇ ’ਚੋਂ ਜਬਰੀ ਹਿਰਾਸਤ ਵਿੱਚ ਲੈ ਲਿਆ ਸੀ।

ਖ਼ਾਨ ਨੂੰ ਅੱਜ ਇਹਤਸਾਬ ਵਿਰੋਧੀ ਕੋਰਟ ਨੰਬਰ 1 ਵਿੱਚ ਜੱਜ ਮੁਹੰਮਦ ਬਸ਼ੀਰ ਕੋਲ ਪੇਸ਼ ਕੀਤਾ ਗਿਆ। ਇਹ ਉਹੀ ਜੱਜ ਹਨ, ਜਿਨ੍ਹਾਂ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਲੰਡਨ ਵਿੱਚ ਜਾਇਦਾਦਾਂ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ੀ ਠਹਿਰਾਇਆ ਸੀ। ਇਸਲਾਮਾਬਾਦ ਹਾਈ ਕੋਰਟ ਨੇ ਮਰੀਅਮ ਨੂੰ ਹਾਲਾਂਕਿ ਕੇਸ ਵਿਚੋਂ ਬਰੀ ਕਰ ਦਿੱਤਾ ਸੀ ਜਦੋਂਕਿ ਸ਼ਰੀਫ਼ ਦਾ ਕੇਸ ਅਜੇ ਵੀ ਬਕਾਇਆ ਹੈ।

Leave a comment