ਮੌਜੂਦਾ ਯੁੱਧ ਗਾਜ਼ਾ ਲਈ ਬਣਿਆ ਘਾਤਕ
ਦੀਰ ਅਲ-ਬਲਾਹ, 16 ਅਕਤੂਬਰ (ਪੰਜਾਬ ਮੇਲ)- ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਸੰਘਰਸ਼ ਵਿਚ 2,329 ਫਲਸਤੀਨੀ ਮਾਰੇ ਗਏ ਹਨ ਅਤੇ ਇਹ ਪੰਜ ਗਾਜ਼ਾ ਯੁੱਧਾਂ ਵਿਚੋਂ ਫਲਸਤੀਨੀਆਂ ਲਈ ਸਭ ਤੋਂ ਘਾਤਕ ਯੁੱਧ ਬਣ ਗਿਆ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਕਾਰ 2014 ਦੀ ਲੜਾਈ ਵਿਚ 2,251 ਫਲਸਤੀਨੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 1,462 ਨਾਗਰਿਕ ਸਨ।
ਐਤਵਾਰ ਨੂੰ ਮੌਜੂਦਾ ਜੰਗ ਵਿਚ ਮਰਨ ਵਾਲਿਆਂ ਦੀ ਗਿਣਤੀ 2014 ਦੀ ਜੰਗ ਨਾਲੋਂ ਵੱਧ ਗਈ ਹੈ। 2014 ਦੀ ਲੜਾਈ ਛੇ ਹਫ਼ਤੇ ਚੱਲੀ ਸੀ ਅਤੇ ਛੇ ਨਾਗਰਿਕਾਂ ਸਮੇਤ ਇਜ਼ਰਾਈਲ ਵਾਲੇ ਪਾਸੇ 74 ਲੋਕਾਂ ਦੀ ਮੌਤ ਹੋ ਗਈ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਗਾਜ਼ਾ ਵਿਚ ਫਲਸਤੀਨੀਆਂ ਲਈ ਸਭ ਤੋਂ ਘਾਤਕ ਯੁੱਧ ਬਣ ਗਿਆ ਹੈ। ਮੌਜੂਦਾ ਯੁੱਧ ਕਰੀਬ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਹਮਾਸ ਦੇ ਅੱਤਵਾਦੀਆਂ ਨੇ ਅਚਾਨਕ ਦੱਖਣੀ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਹਮਲਿਆਂ ਵਿਚ 1,300 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਆਮ ਨਾਗਰਿਕ ਵੀ ਸ਼ਾਮਲ ਹਨ। ਇਜ਼ਰਾਈਲ ਲਈ ਇਹ ਮਿਸਰ ਅਤੇ ਸੀਰੀਆ ਨਾਲ 1973 ਦੀ ਜੰਗ ਤੋਂ ਬਾਅਦ ਘਾਤਕ ਯੁੱਧ ਸਾਬਤ ਹੋ ਰਿਹਾ ਹੈ।