30.5 C
Sacramento
Sunday, June 4, 2023
spot_img

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਤਲਬ

-ਸਾਬਕਾ ਮੰਤਰੀ ਨੂੰ ਤਫ਼ਤੀਸ਼ ‘ਚ ਸ਼ਾਮਲ ਹੋਣ ਲਈ 21 ਅਪ੍ਰੈਲ ਨੂੰ ਸੱਦਿਆ
-ਮੁਹਾਲੀ, ਰੋਪੜ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਣੇ ਚੰਡੀਗੜ੍ਹ ‘ਚ ਜਾਇਦਾਦਾਂ ਦਾ ਮਾਮਲਾ
ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੂੰ ਸਰੋਤਾਂ ਤੋਂ ਵੱਧ ਆਮਦਨ ਮਾਮਲੇ ਵਿਚ ਚੱਲ ਰਹੀ ਤਫ਼ਤੀਸ਼ ਲਈ 21 ਅਪ੍ਰੈਲ ਨੂੰ ਤਲਬ ਕੀਤਾ ਹੈ। ਬਿਊਰੋ ਨੇ ਬਲਬੀਰ ਸਿੱਧੂ ਤੇ ਉਨ੍ਹਾਂ ਦੇ ਭਰਾ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਖਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਵਿਚ ਪਿਛਲੇ ਛੇ ਮਹੀਨਿਆਂ ਤੋਂ ਜਾਂਚ ਆਰੰਭੀ ਹੋਈ ਹੈ। ਵਿਜੀਲੈਂਸ ਦੀ ਮੁੱਢਲੀ ਰਿਪੋਰਟ ਮੁਤਾਬਕ ਬਿਊਰੋ ਨੇ ਮੁਹਾਲੀ ਦੇ ਮੇਅਰ ਵੱਲੋਂ ਬਣਾਈਆਂ ਨਾਮੀ ਬੇਨਾਮੀ ਜਾਇਦਾਦਾਂ ਦੀ ਸੂਚੀ ਹੀ ਤਿਆਰ ਨਹੀਂ ਕੀਤੀ, ਸਗੋਂ ਜ਼ਮੀਨਾਂ ‘ਤੇ ਕਬਜ਼ੇ, ਮੁਹਾਲੀ ਨਗਰ ਨਿਗਮ ਵੱਲੋਂ ਕੀਤੇ ਵਿਕਾਸ ਕਾਰਜਾਂ ਵਿਚ ਗੜਬੜੀਆਂ ਅਤੇ ਹੋਰ ਤੱਥ ਵੀ ਇਕੱਤਰ ਕੀਤੇ ਹਨ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸਿੱਧੂ ਭਰਾਵਾਂ ਖਿਲਾਫ਼ ਜਾਂਚ ਲਈ ਸਰਕਾਰ ਨੇ ਪਿਛਲੇ ਸਾਲ ਨਵੰਬਰ ‘ਚ ਹੀ ਹਰੀ ਝੰਡੀ ਦੇ ਦਿੱਤੀ ਸੀ। ਉਸ ਤੋਂ ਬਾਅਦ ਜਿਵੇਂ ਹੀ ਸਿੱਧੂ ਪਰਿਵਾਰ ਦੀਆਂ ਜਾਇਦਾਦਾਂ ਦਾ ਵੇਰਵਾ ਲੰਮਾ ਹੁੰਦਾ ਗਿਆ ਤਾਂ ਵਿਜੀਲੈਂਸ ਨੇ ਮੇਅਰ ਜੀਤੀ ਵੱਲੋਂ ਬਣਾਈਆਂ ਜਾਇਦਾਦਾਂ ਦੀ ਜਾਂਚ ਵੀ ਆਰੰਭ ਦਿੱਤੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਨੇ ਆਪਣੇ ਸਰਕਾਰੀ ਰੁਤਬੇ ਦੀ ਦੁਰਵਰਤੋਂ ਕਰਕੇ ਮੁਹਾਲੀ, ਰੋਪੜ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ‘ਚ ਜਾਇਦਾਦਾਂ ਬਣਾਈਆਂ। ਪੰਜਾਬ ਵਿਚ ਸੱਤਾ ਆਮ ਆਦਮੀ ਪਾਰਟੀ ਦੇ ਹੱਥ ਆਈ ਤਾਂ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਮੇਅਰ ਭਰਾ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਵਿਜੀਲੈਂਸ ਵੱਲੋਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਮੂਲੀਅਤ ਕਰਨ ਵਾਲੇ ਤੀਜੇ ਸਾਬਕਾ ਮੰਤਰੀ ਖਿਲਾਫ਼ ਜਾਂਚ ਆਰੰਭੀ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਸੁੰਦਰ ਅਰੋੜਾ ਵਿਜੀਲੈਂਸ ਦੇ ਕਾਬੂ ਆ ਚੁੱਕੇ ਹਨ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁਧ ਵਿਜੀਲੈਂਸ ਵੱਲੋਂ ਇਸੇ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਮੁੱਢਲੀ ਰਿਪੋਰਟ ਵਿਚ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈਆਂ ਗਈਆਂ, ਜਿਨ੍ਹਾਂ ਜਾਇਦਾਦਾਂ ਅਤੇ ਸੰਪਤੀ ਦਾ ਜ਼ਿਕਰ ਕੀਤਾ ਗਿਆ ਹੈ ਉਸ ਵਿਚ ਬਠਿੰਡਾ, ਬਰਨਾਲਾ ਤੇ ਰੋਪੜ ਜ਼ਿਲ੍ਹਿਆਂ ‘ਚ ਜ਼ਮੀਨਾਂ ਸਮੇਤ ਚੰਡੀਗੜ੍ਹ ਦੇ ਸੈਕਟਰ 34 ਵਿਚ ਤਿੰਨ ਐੱਸ.ਸੀ.ਓ. ਨੰਬਰ 33, 34 ਅਤੇ 35 ਵਿਚ ਹਿੱਸਾ, ਮੇਅਰ ਭਰਾ ਦੇ ਨਾਮ ਸਾਂਝੀ 68 ਏਕੜ ਜ਼ਮੀਨ ਮੁਹਾਲੀ ਦੇ ਪਿੰਡ ਮਾਣਕਮਾਜਰਾ ‘ਚ ਸ਼ਾਮਲ ਹੈ। ਇਸ ਰਿਪੋਰਟ ਵਿਚ ਅੱਧੀ ਦਰਜਨ ਮਹਿੰਗੀਆਂ ਕਾਰਾਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਵਿਜੀਲੈਂਸ ਰਿਪੋਰਟ ਵਿਚ ਵੱਖ-ਵੱਖ ਬੈਂਕਾਂ ਦੇ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਲਬੀਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਵਜ਼ਾਰਤ ਵਿੱਚ ਮੰਤਰੀ ਰਹੇ ਹਨ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਖੁੱਸ ਗਿਆ ਸੀ।

Related Articles

Stay Connected

0FansLike
3,798FollowersFollow
20,800SubscribersSubscribe
- Advertisement -spot_img

Latest Articles