#PUNJAB

ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ 5 ਜੂਨ ਤੋਂ ਹੋਵੇਗੀ

ਜਲੰਧਰ, 31 ਮਾਰਚ (ਪੰਜਾਬ ਮੇਲ)- ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸੇਵਾ 5 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਰੂਟ ‘ਤੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਚੱਲਣਗੇ, ਜਿਸ ਨਾਲ ਦੋਆਬਾ ਖੇਤਰ ਦੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਉਡਾਣ ਮੁੰਬਈ ਤੋਂ ਦੁਪਹਿਰ 2:30 ਵਜੇ ਉਡਾਣ ਭਰੇਗੀ ਅਤੇ ਸ਼ਾਮ 4:25 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ‘ਤੇ ਇਹ ਫਲਾਈਟ ਸ਼ਾਮ 5 ਵਜੇ ਆਦਮਪੁਰ ਤੋਂ ਰਵਾਨਾ ਹੋਵੇਗੀ ਅਤੇ ਕਰੀਬ ਦੋ ਘੰਟੇ ਬਾਅਦ ਮੁੰਬਈ ‘ਚ ਉਤਰੇਗੀ।
ਇਸ ਸੇਵਾ ਦੇ ਸ਼ੁਰੂ ਹੋਣ ਨਾਲ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਹੁਣ ਉਨ੍ਹਾਂ ਨੂੰ ਦਿੱਲੀ ਜਾਂ ਹੋਰ ਹਵਾਈ ਅੱਡਿਆਂ ਤੋਂ ਕਨੈਕਟਿੰਗ ਫਲਾਈਟ ਲੈਣ ਦੀ ਲੋੜ ਨਹੀਂ ਪਵੇਗੀ।
ਇਸ ਤੋਂ ਪਹਿਲਾਂ 2019 ਵਿਚ ਵੀ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਗਈ ਸੀ, ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਹੁਣ ਯਾਤਰੀਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ।
ਇੰਡੀਗੋ ਏਅਰਲਾਈਨਜ਼ ਜਲਦੀ ਹੀ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਹੋਰ ਪਲੇਟਫਾਰਮਾਂ ‘ਤੇ ਟਿਕਟ ਬੁਕਿੰਗ ਸ਼ੁਰੂ ਕਰੇਗੀ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾ ਲੈਣ ਅਤੇ ਬੁਕਿੰਗ ਖੁੱਲ੍ਹਦੇ ਹੀ ਟਿਕਟਾਂ ਰਿਜ਼ਰਵ ਕਰਵਾ ਲੈਣ।