-ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ ਝੰਡੀ ਦਿਖਾਈ
ਅੰਮ੍ਰਿਤਸਰ, 28 ਮਾਰਚ (ਪੰਜਾਬ ਮੇਲ)- ਇੱਥੋਂ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਗਲੈਂਡ ਵਿਚਲੇ ਲੰਡਨ ਗੈਟਵਿਕ ਹਵਾਈ ਅੱਡੇ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਗਈ ਹੈ। ਇਸ ਉਡਾਣ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ ਝੰਡੀ ਦਿਖਾਈ। ਦਿੱਲੀ ‘ਚ ਕੇਂਦਰੀ ਮੰਤਰੀ ਨਾਲ ਮੌਜੂਦ ਭਾਜਪਾ ਆਗੂ ਤਰੁਣ ਚੁੱਘ ਨੇ ਦੱਸਿਆ ਕਿ ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਜਲਦੀ ਹੀ ਅੰਮ੍ਰਿਤਸਰ ਤੋਂ ਕੈਨੇਡਾ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਹੋਰ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਹਵਾਈ ਕੰਪਨੀਆਂ ਨਾਲ ਹੋਣ ਵਾਲੇ ਸਮਝੌਤੇ ਵਿਚ ਅੰਮ੍ਰਿਤਸਰ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਹਵਾਈ ਅੱਡੇ ਦੇ ਵਿਸਥਾਰ ਵਾਸਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਵੇਲੇ ਇੱਥੇ ਕੌਮਾਂਤਰੀ ਹਵਾਈ ਅੱਡੇ ‘ਤੇ ਕੌਮਾਂਤਰੀ ਹਵਾਈ ਅੱਡਿਆਂ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਵੇਲੇ ਇੱਥੇ 24 ਹਵਾਈ ਜਹਾਜ਼ ਖੜ੍ਹੇ ਕਰਨ ਦੀ ਸਮਰੱਥਾ ਹੈ। ਮਿਲੇ ਵੇਰਵਿਆਂ ਮੁਤਾਬਕ ਇਹ ਹਵਾਈ ਉਡਾਣ ਪਹਿਲਾਂ ਲੰਡਨ ਦੇ ਹੀਥਰੋ ਹਵਾਈ ਅੱਡੇ ਨਾਲ ਜੁੜੀ ਹੋਈ ਸੀ, ਜਿਸ ਨੂੰ ਹੁਣ ਗੈਟਵਿਕ ਹਵਾਈ ਅੱਡੇ ਨਾਲ ਜੋੜਿਆ ਗਿਆ ਹੈ। ਹਵਾਈ ਉਡਾਣ ਸ਼ੁਰੂ ਕਰਨ ਸਮੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਹਵਾਈ ਅੱਡੇ ਦੇ ਡਾਇਰੈਕਟਰ, ਹਵਾਈ ਕੰਪਨੀ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਹਾਜ਼ਰ ਸਨ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਕੇਂਦਰੀ ਹਵਾਈ ਮੰਤਰੀ ਦਾ ਇਹ ਫੈਸਲਾ ਸਵਾਗਤਯੋਗ ਹੈ। ਇਸ ਮੌਕੇ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਅਤੇ ਦਲਜੀਤ ਸਿੰਘ ਸੈਣੀ ਆਦਿ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।