#AMERICA

ਅਮਰੀਕੀ ਸਦਨ ‘ਚ ਅਰਦਾਸ ਕਰਨ ਲਈ ਸੱਦੇ ਸਿੱਖ ਗ੍ਰੰਥੀ ਨੂੰ ਮੁਸਲਮਾਨ ਸਮਝ ਕੇ ਸੰਸਦ ਮਿਲਰ ਵੱਲੋਂ ਵਿਰੋਧ

* ਚਾਰੇ ਪਾਸਿਉਂ ਨਿੰਦਾ ਹੋਣ ‘ਤੇ ਪੋਸਟ ਹਟਾਈ
ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੰਸਦ ਮੈਰੀ ਮਿਲਰ ਵੱਲੋਂ ਇਕ ਸਿੱਖ ਗ੍ਰੰਥੀ ਜਿਸ ਨੂੰ ਹਾਲ ਹੀ ਵਿਚ ਕਾਂਗਰਸ ਸਦਨ ਵਿਚ ਅਰਦਾਸ ਕਰਨ ਲਈ ਸੱਦਿਆ ਗਿਆ ਸੀ, ਨੂੰ ਮੁਸਲਮਾਨ ਸਮਝ ਕੇ ਉਸ ਦਾ ਵਿਰੋਧ ਕੀਤਾ ਗਿਆ। ਮੈਰੀ ਮਿਲਰ ਨੇ ਪਾਈ ਇਕ ਪੋਸਟ ਵਿਚ ਲਿਖਿਆ ਕਿ ਅਮਰੀਕੀ ਸੰਸਦ ‘ਚ ਇਕ ਮੌਲਵੀ ਦਾ ਕੀ ਕੰਮ ਹੈ, ਮੈਂ ਇਸ ਦੀ ਨਿੰਦਾ ਕਰਦੀ ਹਾਂ। ਇਸ ਪੋਸਟ ਤੋਂ ਬਾਅਦ ਰਿਪਬਲੀਕਨ ਤੇ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਮਿਲਰ ਦੀ ਰੱਜ ਕੇ ਨਿੰਦਾ ਕੀਤੀ, ਜਿਸ ਤੋਂ ਬਾਅਦ ਮਿਲਰ ਨੇ ਪਹਿਲਾਂ ਪੋਸਟ ‘ਚ ਮੁਸਲਮਾਨ ਦੀ ਜਗ੍ਹਾ ਸਿੱਖ ਸ਼ਬਦ ਲਿੱਖ ਦਿੱਤਾ ਤੇ ਬਾਅਦ ਵਿਚ ਪੂਰੀ ਪੋਸਟ ਹਟਾ ਦਿੱਤੀ। ਦੱਖਣੀ ਨਿਊਜਰਸੀ ਤੋਂ ਗਿਆਨੀ ਸਿੰਘ ਗ੍ਰੰਥੀ ਨੂੰ ਸਦਨ ਦੇ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਅਰਦਾਸ ਕਰਨ ਵਾਸਤੇ ਸੱਦਿਆ ਗਿਆ ਸੀ। ਅਰਦਾਸ ਤੋਂ ਬਾਅਦ ਮਿਲਰ ਨੇ ਐਕਸ ਉਪਰ ਲਿੱਖਿਆ ”ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਅੱਜ ਸਵੇਰੇ ਇਕ ਮੁਸਲਮਾਨ ਨੂੰ ਪ੍ਰਤੀਨਿੱਧ ਸਦਨ ਵਿਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ।” ਮਿਲਰ ਦੇ ਦਫਤਰ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਪ੍ਰਤੀਨਿੱਧ ਜੈਫ ਵੈਨ ਡਰੀਊ ਜਿਸ ਨੇ ਗਿਆਨੀ ਸਿੰਘ ਨੂੰ ਅਰਦਾਸ ਲਈ ਸੱਦਿਆ ਸੀ, ਨੇ ਮਿਲਰ ਦੀ ਪੋਸਟ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਕਿਹਾ ਕਿ ਇਕ ਕੈਥੋਲਿਕ ਹੋਣ ਵਜੋਂ ਮੈਂ ਆਪਣੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਲੈਂਦਾ ਹਾਂ ਪਰੰਤੂ ਇਕ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰਦਾ ਹਾਂ।