ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਸਥਿਤ ਲੀਹਾਈ ਯੂਨੀਵਰਸਿਟੀ ਦੇ ਇਕ ਕਾਲੇ ਵਿਦਿਆਰਥੀ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਰਿਪੋਰਟ ਹੈ। ਨਾਰਥੈਂਪਟਨ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਗ੍ਰਿਫਤਾਰ ਵਿਅਕਤੀਆਂ ਵਿਚ ਬਰੈਡਨ ਜੌਹਨ (22), ਮਿਸ਼ੈਲ ਰੋਸਟਾ (21), ਨਾਬਿਲ ਜਮੀਲ (22) ਤੇ ਕੈਮਰਨ ਗਰਾਫ (22) ਸ਼ਾਮਿਲ ਹਨ। ਇਨ੍ਹਾਂ ਵਿਰੁੱਧ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ਵਿਚ ਹਮਲਾ ਕਰਨ, ਲੁੱਟਮਾਰ ਤੇ ਪ੍ਰੇਸ਼ਾਨ ਕਰਨ ਵਰਗੇ ਦੋਸ਼ ਸ਼ਾਮਲ ਹਨ। ਡਿਸਟ੍ਰਿਕਟ ਅਟਾਰਨੀ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਨ੍ਹਾਂ ਚਾਰਾਂ ਦਾ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ। ਡਿਸਟ੍ਰਿਕਟ ਅਟਾਰਨੀ ਟੈਰੀ ਹੌਕ ਨੇ ਕਿਹਾ ਹੈ ਕਿ ਨਾਰਥੈਂਪਟਨ ਕਾਊਂਟੀ ਵਿਚ ਇਸ ਕਿਸਮ ਦੇ ਭੱਦੇ ਵਿਵਹਾਰ ਲਈ ਕੋਈ ਜਗ੍ਹਾ ਨਹੀਂ ਹੈ ਤੇ ਅਜਿਹੇ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਨੂੰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।