ਨਿਊਯਾਰਕ, 23 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ‘ਚ ਸਿਵਲ ਧੋਖਾਧੜੀ ਦੇ ਇੱਕ ਮਾਮਲੇ ਵਿਚ ਬੀਤੇ ਦਿਨੀਂ ਅਦਾਲਤ ਦੇ ਇੱਕ ਪ੍ਰਮੁੱਖ ਕਰਮਚਾਰੀ ਦੀਆਂ ਅਪਮਾਨਜਨਕ ਸੋਸ਼ਲ ਮੀਡੀਆ ਪੋਸਟਾਂ ਲਈ 5,000 ਅਮਰੀਕੀ ਡਾਲਰ (4,16,198.25 ਰੁਪਏ) ਦਾ ਜੁਰਮਾਨਾ ਲਗਾਇਆ ਗਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਤੋਂ ਬਚ ਗਏ ਹਨ। ਅਦਾਲਤ ਇਸ ਗੱਲ ਤੋਂ ਨਾਰਾਜ਼ ਸੀ ਕਿ ਟਰੰਪ ਨੇ ਅਦਾਲਤ ਦੇ ਕਰਮਚਾਰੀ ਦੇ ਸਾਹਮਣੇ ਕੀਤੀ ਅਪਮਾਨਜਨਕ ਲਿਖਤ ਨੂੰ ਨਹੀਂ ਹਟਾਇਆ, ਭਾਵੇਂ ਕਿ ਜੱਜ ਨੇ ਉਸ ਨੂੰ ਹਟਾਉਣ ਲਈ ਵੀ ਕਿਹਾ।
ਜੱਜ ਆਰਥਰ ਐਂਗਰੋਨ ਨੇ ਕਿਹਾ ਕਿ ਟਰੰਪ ਅਦਾਲਤੀ ਕਾਰਵਾਈ ਤੋਂ ਬਚਣ ਵਿਚ ਕਾਮਯਾਬ ਰਹੇ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਅਪਰਾਧ ਸੀ ਅਤੇ ਅਦਾਲਤ ਨੇ ਦੇਖਿਆ ਕਿ ਜੇਕਰ ਉਹ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਰਹੇ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਅਦਾਲਤੀ ਕਰਮਚਾਰੀਆਂ ‘ਤੇ ਨਿੱਜੀ ਤੌਰ ‘ਤੇ ਹਮਲਾ ਕਰਦੇ ਰਹੇ ਤਾਂ ਉਨ੍ਹਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਮਾਣਯੋਗ ਜੱਜ ਐਂਗਰੋਨ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਟਰੰਪ ਹੁਣ ਅਦਾਲਤ ਦੀ ਚੇਤਾਵਨੀ ਦੇ ਪੜਾਅ ਨੂੰ ਪਾਸ ਕਰ ਚੁੱਕੇ ਹਨ, ਪਰ ਉਸ ਨੂੰ ਇੱਕ ਮਾਮੂਲੀ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਕਿਉਂਕਿ ਟਰੰਪ ਦੇ ਵਕੀਲਾਂ ਨੇ ਕਿਹਾ ਹੈ ਕਿ ਵੈਬਸਾਈਟ ਨੇ ਅਣਜਾਣੇ ‘ਚ ਪੋਸਟ ਨੂੰ ਕਾਇਮ ਰੱਖਿਆ ਅਤੇ ਇਹ ਪਹਿਲੀ ਵਾਰ ਦੀ ਉਲੰਘਣਾ ਸੀ।
ਐਂਗਰੋਨ ਨੇ ਪਹਿਲਾਂ ਕਿਹਾ ਸੀ ਕਿ ਵੈਬਸਾਈਟ ਤੋਂ ਪੋਸਟ ਨੂੰ ਮਿਟਾਉਣ ਵਿਚ ਅਸਫਲਤਾ 3 ਅਕਤੂਬਰ ਦੇ ਅਦਾਲਤੀ ਆਦੇਸ਼ ਦੀ ਉਲੰਘਣਾ ਕੀਤੀ ਸੀ, ਜਿਸ ਵਿਚ ਟਰੰਪ ਨੂੰ ਉਸਦੀ ਅਪਮਾਨਜਨਕ ਭਾਸ਼ਾ ਹਟਾਉਣ ਦੀ ਮੰਗ ਵੀ ਕੀਤੀ ਗਈ ਸੀ। ਟਰੰਪ ਦੇ ਵਕੀਲ ਕ੍ਰਿਸਟੋਫਰ ਕਿੱਸ ਨੇ ਵੈਬਸਾਈਟ ਤੋਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਨਾ ਮਿਟਾਉਣ ਲਈ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਦੇ ਵਿਰੁੱਧ ਕੰਮ ਕਰ ਰਹੀ ਵਿਸ਼ਾਲ ਮਸ਼ੀਨਰੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਨੇ ਇਸ ਨੂੰ ਅਣਜਾਣੇ ਵਿਚ ਕੀਤੀ ਕਾਰਵਾਈ ਦੱਸਿਆ।