#AMERICA

ਅਮਰੀਕਾ ਵਿਚ ਟਿਕਟੌਕ ਹੋ ਸਕਦੈ ਬੰਦ!

ਵਾਸ਼ਿੰਗਟਨ ਡੀ.ਸੀ., 2 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਟਿਕਟੌਕ ‘ਤੇ ਇਕ ਵਾਰ ਫਿਰ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਨੂੰ ਕਿਸੇ ਵੇਲੇ ਵੀ ਬੰਦ ਕੀਤਾ ਜਾ ਸਕਦਾ ਹੈ। ਇਸ ਨਾਲ 170 ਮਿਲੀਅਨ ਅਮਰੀਕੀਆਂ ‘ਤੇ ਵੱਡਾ ਪ੍ਰਭਾਵ ਪਵੇਗਾ। ਕਿਉਂਕਿ ਇਥੇ ਬਹੁਤ ਸਾਰੇ ਲੋਕ ਖਬਰਾਂ, ਮਨੋਰੰਜਨ, ਬਿਜ਼ਨਸ ਅਤੇ ਕਈ ਹੋਰ ਮਾਮਲਿਆਂ ਲਈ ਟਿਕਟੌਕ ਦੀ ਵਰਤੋਂ ਕਰਦੇ ਹਨ।
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਿਕਟੌਕ ਐਪ ਅਮਰੀਕੀ ਲੋਕਾਂ ਦੀ ਜਾਤੀ ਜਾਣਕਾਰੀ ਲਈ ਵੱਡਾ ਖਤਰਾ ਹੈ। ਕਿਉਂਕਿ ਇਸ ਨਾਲ ਚੀਨ ਵੱਲੋਂ ਅਮਰੀਕੀਆਂ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ, ਜੋ ਕਿ ਦੇਸ਼ ਦੇ ਨਾਗਰਿਕਾਂ ਲਈ ਠੀਕ ਨਹੀਂ ਹੈ।
ਪਿਛਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਐਪ ਨੂੰ ਆਪਣੇ ਕਾਰਜਕਾਲ ਦੇ ਅੰਤਿਮ ਦਿਨਾਂ ਵਿਚ ਬੰਦ ਕਰ ਦਿੱਤਾ ਸੀ। ਪਰ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟੌਕ ਕੰਪਨੀ ਨੂੰ ਕਿਸੇ ਅਮਰੀਕੀ ਕੰਪਨੀ ਵੱਲੋਂ ਖਰੀਦਣ ਦੀ ਗੱਲ ਕਹੀ ਗਈ ਸੀ ਅਤੇ ਇਸ ਕੰਮ ਲਈ 75 ਦਿਨਾਂ ਦੀ ਮੋਹਲਤ ਦਿੱਤੀ ਸੀ। ਉਹ ਸਮਾਂ ਹੁਣ 5 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਪਰ ਹਾਲੇ ਤੱਕ ਇਸ ਸੰਬੰਧੀ ਕੋਈ ਵੀ ਸੌਦੇਬਾਜ਼ੀ ਨਹੀਂ ਹੋਈ। ਜੇ ਅਜਿਹਾ ਸੌਦਾ ਨਾ ਹੋਇਆ, ਤਾਂ ਟਿਕਟੌਕ 5 ਅਪ੍ਰੈਲ ਤੋਂ ਬਾਅਦ ਅਮਰੀਕਾ ਤੋਂ ਰੁਖ਼ਸਤ ਹੋ ਸਕਦਾ ਹੈ।