#AMERICA

ਅਮਰੀਕਾ ਦੇ ਸੇਂਟ ਲੂਇਸ ਸ਼ਹਿਰ ਵਿਚ ਫੁੱਟਬਾਲ ਕੋਚ ਦੇ ਮਾਰੀਆਂ ਗੋਲੀਆਂ, ਹਾਲਤ ਗੰਭੀਰ

* ਆਪਣੇ ਪੁੱਤਰ ਦੇ ਖੇਡਣ ਦੇ ਸਮੇ ਤੋਂ ਨਿਰਾਸ਼ ਪਿਓ ਦਾ ਕਾਰਾ

ਸੈਕਰਾਮੈਂਟੋ,ਕੈਲੀਫੋਰਨੀਆ,  15 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੂਰੀ ਰਾਜ ਦੇ ਸ਼ਹਿਰ ਸੇਂਟ ਲੂਇਸ ਦੇ ਇਕ ਫੁੱਟਬਾਲ ਕੋਚ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਹੈ। ਸੇਂਟ ਲੂਇਸ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਸ਼ਕੁਇਲ ਲਾਟੀਮੋਰ (30) ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਆਪਣੇ ਪੁੱਤਰ ਦੇ ਖੇਡਣ ਦੇ ਸਮੇ ਨੂੰ ਲੈ ਕੇ ਪ੍ਰੇਸ਼ਾਨ ਡੈਰੀਲ ਕਲੈਮੋਨਸ (43) ਨਾਮੀ ਵਿਅਕਤੀ ਨੇ ਲਾਟੀਮੋਰ ਨਾਲ ਹੋਏ ਝਗੜੇ ਉਪੰਰਤ ਉਸ ਉਪਰ ਗੋਲੀ ਚਲਾ ਦਿੱਤੀ। ਇਹ ਘਟਨਾ ਉੱਤਰੀ ਸੇਂਟ ਲੂਇਸ ਵਿਚ ਫੁੱਟਬਾਲ ਖਿਡਾਰੀਆਂ ਦੇ ਅਭਿਆਸ ਦੌਰਾਨ ਵਾਪਰੀ। ਸੇਂਟ ਲੂਇਸ ਬੈਡਬਵਾਇਜ਼ ਦੇ ਸਹਾਇਕ ਕੋਚ ਤੇ ਕੋਆਰੀਨੇਟਰ ਲਾਟੀਮੋਰ ਨੇ ਹਸਪਤਾਲ ਵਿਚ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ”ਜਦੋਂ ਤਕ ਮੈ ਕਲੈਮੋਨਸ ਦੇ ਹੱਥ ਵਿਚ ਗੰਨ ਵੇਖਦਾ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਮੈ ਦੌੜਿਆ ਪਰੰਤੂ ਉਸ ਨੇ ਮੇਰੀ ਪਿੱਠ ਵਿਚ ਗੋਲੀ ਮਾਰੀ ਉਪਰੰਤ ਮੈ ਡਿੱਗ ਪਿਆ ਤੇ ਮੇਰੇ ਡਿੱਗੇ ਪਏ ਉਪਰ ਉਸ ਨੇ ਹੋਰ ਗੋਲੀਆਂ ਚਲਾਈਆਂ।” ਇਸ ਘਟਨਾ ਵਿਚ ਮੌਕੇ ‘ਤੇ ਮੌਜੂਦ ਬੱਚਿਆਂ ਸਮੇਤ ਹੋਰ ਕੋਈ ਜ਼ਖਮੀ ਨਹੀਂ ਹੋਇਆ। ਸੇਂਟ ਲੂਇਸ ਬੈਡਬਵਾਇਜ਼ 9 ਤੋਂ 10 ਸਾਲ ਦੇ ਛੋਟੇ ਬੱਚਿਆਂ ‘ਤੇ ਅਧਾਰਤ ਇਕ ਰੀਕਰੀਏਸ਼ਨਲ ਲੀਗ ਟੀਮ ਹੈ। ਘਟਨਾ ਉਪਰੰਤ ਕਲੈਮੋਨਸ ਖੁਦ ਹੀ ਪੁਲਿਸ ਅੱਗੇ ਹਾਜਰ ਹੋ ਗਿਆ ਤੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲਾਟੀਮੋਰ ਦੀ ਪਿੱਠ, ਲੱਤ, ਬਾਂਹ ਤੇ ਢਿੱਡ ਵਿਚ ਗੋਲੀ ਵੱਜੀ ਹੈ। ਉਸ ਦੇ ਸਰੀਰ ਦੇ ਅੰਦਰੂਨੀ ਅੰਗ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋਏ ਹਨ। ਲਾਟੀਮੋਰ ਦੀ ਮਾਂ ਸੇਮਿਕੋ ਲਾਟੀਮੋਰ ਨੇ ਸ਼ੁੱਕਰ ਕੀਤਾ ਹੈ ਕਿ ਇਸ ਪਾਗਲਪਣ ਵਾਲੇ ਹਮਲੇ ਉਪਰੰਤ ਵੀ ਉਸ ਦਾ ਪੁੱਤਰ ਜਿਊਂਦਾ ਹੈ।

Leave a comment