#PUNJAB

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਮਾਲ ਵਿਭਾਗ ਦੀਆਂ ਬਹੁਤੀਆਂ ਸੇਵਾਵਾਂ ਆਨਲਾਈਨ ਹੋਈਆਂ

– ਜਿੰਪਾ ਵੱਲੋਂ ਆਨਲਾਈਨ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
– ਬਹੁਤ ਸੌਖੀ ਪ੍ਰਕਿਰਿਆ ਰਾਹੀਂ ਲੋਕੀਂ ਘਰ ਬੈਠੇ ਮੰਗਵਾ ਸਕਦੇ ਹਨ ਫਰਦ: ਜਿੰਪਾ
– 500 ਰੁਪਏ ਤੱਕ ਦੇ ਸਟੈਂਪ ਪੇਪਰ ਖਰੀਦਣ ਲਈ ਵੀ ਘਰੋਂ ਬਾਹਰ ਜਾਣ ਦੀ ਲੋੜ ਨਹੀਂ
ਚੰਡੀਗੜ੍ਹ, 14 ਅਕਤੂਬਰ (ਪੰਜਾਬ ਮੇਲ)- ਸੂਬੇ ਦੇ ਮਾਲ ਵਿਭਾਗ ਦੀਆਂ ਬਹੁਤੀਆਂ ਸੇਵਾਵਾਂ ਆਨ ਲਾਈਨ ਹੋ ਚੁੱਕੀਆਂ ਹਨ। ਜਿਹੜੇ ਕੰਮਾਂ ਲਈ ਲੋਕਾਂ ਨੂੰ ਪਹਿਲਾਂ ਲੁੱਟ-ਖਸੁੱਟ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਉਨ੍ਹਾਂ ‘ਚੋਂ ਬਹੁਤੀਆਂ ਸੇਵਾਵਾਂ ਹੁਣ ਆਨ ਲਾਈਨ ਘਰ ਬੈਠੇ ਪ੍ਰਾਪਤ ਕੀਤੀਆਂ ਜਾ ਸਕੀਆਂ ਹਨ। ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਭ੍ਰਿਸ਼ਟਾਚਾਰ ਖਿਲਾਫ ਨੀਤੀਆਂ ਲਾਗੂ ਕਰ ਰਹੀ ਹੈ। ਮਾਲ ਵਿਭਾਗ ਦੀ ਕਾਰਗੁਜ਼ਾਰੀ ਤੋਂ ਲੋਕ ਅੰਤਾਂ ਦੇ ਨਿਰਾਸ਼ ਅਤੇ ਦੁਖੀ ਸਨ ਪਰ ਹੁਣ ਬਹੁਤ ਸਾਰੀਆਂ ਸੇਵਾਵਾਂ ਆਨ ਲਾਈਨ ਹੋਣ ਨਾਲ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਅਤੇ ਸਿਫਾਰਿਸ਼ ਦੇ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਫਰਦ ਲੈਣ ਲਈ ਖੁਦ ਸਰਕਾਰੀ ਦਫਤਰ ਵਿਚ ਜਾਣਾ ਪੈਂਦਾ ਸੀ ਪਰ ਹੁਣ ਘਰ ਬੈਠੇ ਕੋਰੀਅਰ ਰਾਹੀਂ ਫਰਦ ਮੰਗਵਾਈ ਜਾ ਸਕਦੀ ਹੈ। ਪੰਜਾਬ ਸਰਕਾਰ ਦੀ ਵੈੱਬਸਾਈਟ https://jamabandi.punjab.gov.in ‘ਤੇ ਜਾ ਕੇ ਆਨਲਾਈਨ ਫਰਦ ਵਾਲੇ ਲਿੰਕ ਨੂੰ ਕਲਿੱਕ ਕਰਕੇ ਦੱਸੇ ਪਤੇ ‘ਤੇ ਫਰਦ ਮੰਗਵਾਈ ਜਾ ਸਕਦੀ ਹੈ। ਇਸ ਕੰਮ ਲਈ ਪ੍ਰਤੀ ਪੰਨਾ 20 ਰੁਪਏ ਸਰਕਾਰੀ ਫੀਸ ਅਤੇ 5 ਰੁਪਏ ਸਹੂਲਤ ਫੀਸ ਹੈ। ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਕਿਸੇ ਪਿੰਡ/ਕਸਬੇ/ਸ਼ਹਿਰ ਵਿਚ ਕੋਰੀਅਰ ਰਾਹੀਂ ਫਰਦ ਮੰਗਵਾਉਣੀ ਹੈ ਤਾਂ 100 ਰੁਪਏ ਅਤੇ ਪੰਜਾਬ ਤੋਂ ਬਾਹਰਲੇ ਪਤੇ ਲਈ 200 ਰੁਪਏ ਫੀਸ ਲਈ ਜਾਂਦੀ ਹੈ। ਇਹ ਫੀਸ ਆਨਲਾਈਨ ਹੀ ਭਰੀ ਜਾ ਸਕੀ ਹੈ। ਜੇਕਰ ਕੋਈ ਵਿਅਕਤੀ ਫਰਦ ਦੀ ਕਾਪੀ ਈਮੇਲ ‘ਤੇ ਮੰਗਵਾਉਣਾ ਚਾਹੁੰਦਾ ਹੈ ਤਾਂ ਉਸ ਦੇ 50 ਰੁਪਏ ਅਲੱਗ ਲਏ ਜਾਂਦੇ ਹਨ। ਈਮੇਲ ਰਾਹੀਂ ਮੰਗਵਾਈ ਫਰਦ 3 ਕੰਮਕਾਰ ਵਾਲੇ ਦਿਨਾਂ ਅਤੇ ਕੋਰੀਅਰ ਰਾਹੀਂ ਮੰਗਵਾਈ ਫਰਦ 7 ਦਿਨਾਂ ਅੰਦਰ ਦੱਸੇ ਪਤੇ ‘ਤੇ ਪਹੁੰਚ ਜਾਂਦੀ ਹੈ।
500 ਰੁਪਏ ਤੱਕ ਦੇ ਈ-ਸਟੈਂਪ ਪੇਪਰ https://www.shcilestamp.com ਵੈੱਬਸਾਈਟ ਰਾਹੀਂ ਖਰੀਦੇ ਜਾ ਸਕਦੇ ਹਨ। ਇਸ ਵੈੱਬਸਾਈਟ ਦੇ ਹੋਮਪੇਜ਼ ‘ਤੇ ਆਨਲਾਈਨ ਪੇਮੈਂਟ ਵਾਲੇ ਲਿੰਕ ਨੂੰ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ 500 ਰੁਪਏ ਤੱਕ ਦਾ ਕੋਈ ਵੀ ਸਟੈਂਪ ਪੇਪਰ ਖਰੀਦਿਆਂ ਜਾ ਸਕਦਾ ਹੈ।

ਕੁਝ ਹੋਰ ਆਨਲਾਈਨ ਸੇਵਾਵਾਂ
ਮਾਲ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਦਫਤਰਾਂ ਵਿੱਚ ਦਸਤਾਵੇਜ਼ਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਇਹ ਸਿਸਟਮ ਪੂਰਣ ਰੂਪ ਵਿਚ ਲਾਗੂ ਕੀਤਾ ਜਾ ਚੁੱਕਾ ਹੈ। ਇਸ ਸਿਸਟਮ ਰਾਹੀਂ 30 ਲੱਖ ਤੋਂ ਵੱਧ ਦਸਤਾਵੇਜ਼ ਰਜਿਸਟਰ ਕੀਤੇ ਜਾ ਚੁੱਕੇ ਹਨ। ਇਹ ਸੇਵਾ https://igrpunjab.gov.in/ ਵੈਬਸਾਈਟ ਉੱਤੇ ਉਪਲੱਬਧ ਹੈ।

ਸੂਬਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਰਾਣੀ/ਨਿੱਜੀ ਵੰਡ (ਖਾਨਗੀ ਤਕਸੀਮ) ਦੀ ਪ੍ਰਕਿਿਰਆ ਨੂੰ ਸੁਚਾਰੂ ਬਣਾਉਣ ਲਈ https://eservices.punjab.gov.in/ ਵੈਬਸਾਈਟ ਦੀ ਸ਼ੁਰੂਆਤ ਕੀਤੀ ਹੈ। ਪੋਰਟਲ ‘ਤੇ 140 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ 79 ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਵੈੱਬਸਾਈਟ ਰਾਹੀਂ ਵਿਦੇਸ਼ਾਂ ਤੋਂ ਭੇਜੇ ਜਾਂਦੇ ਦਸਤਾਵੇਜਾਂ ਦੀ ਐਂਬੌਸਿੰਗ ਲਈ ਦਰਖਾਸਤ ਦਿੱਤੀ ਜਾ ਸਕਦੀ ਹੈ।

Leave a comment