-ਅੱਧੇ ਰਸਤੇ ਤੋਂ ਵਾਪਸ ਮੁੜਿਆ ਜਹਾਜ਼
ਨਿਊਆਰਕ (ਨਿਊ ਜਰਸੀ), 3 ਜੂਨ (ਪੰਜਾਬ ਮੇਲ)– ਅਮਰੀਕਾ ਤੋਂ ਸਪੇਨ ਜਾ ਰਹੀ ਇੱਕ ਯਾਤਰੀ ਫਲਾਈਟ ਨੂੰ ਉਸ ਵੇਲੇ ਅੱਧੇ ਰਸਤੇ ਤੋਂ ਵਾਪਸ ਮੁੜਨਾ ਪਿਆ, ਜਦੋਂ ਇੱਕ 16 ਸਾਲਾ ਨੌਜਵਾਨ ਦੇ ਫਿਟਨੈੱਸ ਟ੍ਰੈਕਰ (ਫਿੱਟਬਿਟ) ਦਾ ਨਾਮ ”ਬੰਬ” ਦਿਖਾਈ ਦਿੱਤਾ ਅਤੇ ਸੁਰੱਖਿਆ ਅਧਿਕਾਰੀਆਂ ਨੇ ਇਸ ਨੂੰ ਸੰਭਾਵਿਤ ਖ਼ਤਰੇ ਵਜੋਂ ਲਿਆ।
ਇਹ ਘਟਨਾ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 236 ਨਾਲ ਵਾਪਰੀ ਜੋ ਨਿਊਆਰਕ ਤੋਂ ਸਪੇਨ ਦੇ ਮੈਜੋਰਕਾ (ਪਾਲਮਾ ਡੀ ਮੈਲੋਰਕਾ) ਲਈ ਰਵਾਨਾ ਹੋਈ ਸੀ। ਜਹਾਜ਼ ਸ਼ਨੀਵਾਰ ਸ਼ਾਮ ਕਰੀਬ 6 ਵਜੇ ਉਡਿਆ ਸੀ, ਪਰ ਉਡਾਣ ਦੌਰਾਨ ਯਾਤਰੀਆਂ ਦੇ ਡਿਵਾਈਸਾਂ ‘ਤੇ ਇੱਕ ਬਲੂਟੂਥ ਡਿਵਾਈਸ ”ਬੰਬ” ਦੇ ਨਾਮ ਨਾਲ ਦਿਖਾਈ ਦਿੱਤਾ।
ਕੈਬਿਨ ਕਰੂ ਵੱਲੋਂ ਯਾਤਰੀਆਂ ਨੂੰ ਆਪਣੇ ਫੋਨ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਬੰਦ ਕਰਨ ਲਈ ਕਿਹਾ ਗਿਆ, ਪਰ ਸ਼ੱਕੀ ਨਾਮ ਵਾਲਾ ਬਲੂਟੂਥ ਡਿਵਾਈਸ ਸਰਗਰਮ ਰਹਿਣ ਕਾਰਨ ਸੁਰੱਖਿਆ ਚਿੰਤਾ ਵੱਧ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਨਿਊਆਰਕ ਮੋੜ ਦਿੱਤਾ ਗਿਆ ਅਤੇ ਕਰੀਬ ਸਾਢੇ ਨੌਂ ਵਜੇ ਰਾਤ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।
ਜਹਾਜ਼ ਦੇ ਉਤਰਦੇ ਹੀ ਪੋਰਟ ਅਥਾਰਿਟੀ ਪੁਲਿਸ ਨੇ ਪੂਰੇ ਜਹਾਜ਼ ਦੀ ਤਲਾਸ਼ੀ ਲਈ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਦੁਬਾਰਾ ਸੁਰੱਖਿਆ ਜਾਂਚ ਵਿਚੋਂ ਲੰਘਾਇਆ ਗਿਆ।
ਜਾਂਚ ਦੌਰਾਨ ਪਤਾ ਲੱਗਿਆ ਕਿ ਕੋਈ ਅਸਲੀ ਬੰਬ ਨਹੀਂ ਸੀ। ਦਰਅਸਲ ਇੱਕ 16 ਸਾਲਾ ਲੜਕੇ ਨੇ ਆਪਣੇ ਫਿੱਟਬਿਟ ਡਿਵਾਈਸ ਦਾ ਨਾਮ ”ਬੰਬ” ਰੱਖਿਆ ਹੋਇਆ ਸੀ, ਜੋ ਬਲੂਟੂਥ ਡਿਵਾਈਸਾਂ ਦੀ ਸੂਚੀ ਵਿਚ ਦਿਖਾਈ ਦੇ ਰਿਹਾ ਸੀ।
ਏਅਰਲਾਈਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਅਤੇ ਕਰੂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਫਲਾਈਟ ਨੂੰ ਵਾਪਸ ਲਿਆਂਦਾ ਗਿਆ। ਬਾਅਦ ਵਿਚ ਨਵੀਂ ਕਰੂ ਟੀਮ ਨਾਲ ਜਹਾਜ਼ ਨੂੰ ਮੁੜ ਸਪੇਨ ਲਈ ਰਵਾਨਾ ਕੀਤਾ ਗਿਆ।
ਹਾਲਾਂਕਿ ਨੌਜਵਾਨ ਖ਼ਿਲਾਫ਼ ਅਜੇ ਤੱਕ ਕੋਈ ਫੌਜਦਾਰੀ ਦੋਸ਼ ਦਰਜ ਨਹੀਂ ਕੀਤਾ ਗਿਆ, ਪਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਹਵਾਈ ਯਾਤਰਾ ਦੌਰਾਨ ”ਬੰਬ” ਜਾਂ ਹੋਰ ਧਮਕੀ ਭਰੇ ਸ਼ਬਦਾਂ ਨਾਲ ਮਜ਼ਾਕ ਕਰਨਾ ਵੀ ਗੰਭੀਰ ਸੁਰੱਖਿਆ ਕਾਰਵਾਈ ਨੂੰ ਜਨਮ ਦੇ ਸਕਦਾ ਹੈ। ਦੁਨੀਆਂ ਭਰ ਦੀਆਂ ਏਅਰਲਾਈਨਾਂ ਅਜਿਹੇ ਮਾਮਲਿਆਂ ਨੂੰ ਜ਼ੀਰੋ ਟੋਲਰੈਂਸ ਨੀਤੀ ਤਹਿਤ ਲੈਂਦੀਆਂ ਹਨ ਅਤੇ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰਦੀਆਂ।
ਅਮਰੀਕਾ ਤੋਂ ਸਪੇਨ ਜਾ ਰਹੀ ਫਲਾਈਟ ‘ਚ ”ਬੰਬ” ਨਾਮ ਕਾਰਨ ਮਚੀ ਦਹਿਸ਼ਤ

