#PUNJAB

‘ਆਪ’ ਵਿਧਾਇਕ ਰਮਨ ਅਰੋੜਾ ਈ.ਡੀ. ਅੱਗੇ ਪੇਸ਼

ਜਲੰਧਰ, 3 ਜੂਨ (ਪੰਜਾਬ ਮੇਲ)- ‘ਆਪ’ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਮਨੀ ਲਾਂਡਰਿੰਗ ਰੋਕੂ ਕਾਨੂੰਨ ਮਾਮਲੇ ‘ਚ ਐੱਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਇਆ। ਈ.ਡੀ. ਵੱਲੋਂ ਵਿਧਾਇਕ ਨੂੰ ਜਲੰਧਰ ਦਫ਼ਤਰ ‘ਚ ਕੁਝ ਅਹਿਮ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ।
ਕੇਂਦਰੀ ਏਜੰਸੀ ਵੱਲੋਂ ਇਹ ਜਾਂਚ ਪਿਛਲੇ ਸਾਲ 23 ਮਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਧਾਇਕ ਖ਼ਿਲਾਫ਼ ਦਰਜ ਕੀਤੇ ਕੇਸ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਅਰੋੜਾ ‘ਤੇ ਦੋਸ਼ ਹਨ ਕਿ ਉਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਸ਼ਹਿਰ ਦੇ ਲੋਕਾਂ ਨੂੰ ਇਮਾਰਤੀ ਨਿਯਮਾਂ ਦੀ ਉਲੰਘਣਾ ਦੇ ਫ਼ਰਜ਼ੀ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ। ਵਿਜੀਲੈਂਸ ਕੇਸ ਵਿਚ ਰਿਹਾਈ ਵਾਲੇ ਦਿਨ ਹੀ ਉਸ ਨੂੰ ਕਮਿਸ਼ਨਰੇਟ ਪੁਲਿਸ ਨੇ ਰਿਸ਼ਵਤਖ਼ੋਰੀ ਅਤੇ ਜਬਰਨ ਉਗਰਾਹੀ ਦੇ ਇੱਕ ਹੋਰ ਮਾਮਲੇ ਵਿਚ ਮੁੜ ਗ੍ਰਿਫ਼ਤਾਰ ਕਰ ਲਿਆ ਸੀ।
ਵਿਧਾਇਕ ਰਮਨ ਅਰੋੜਾ ਦੀ ਈ.ਡੀ. ਸਾਹਮਣੇ ਪੇਸ਼ੀ ਤੋਂ ‘ਆਪ’ ਆਗੂਆਂ ਵਿਚ ਚਿੰਤਾ ਦਾ ਮਾਹੌਲ ਹੈ। ਪਾਰਟੀ ਆਗੂਆਂ ਨੂੰ ਡਰ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨਾਲ ਨੇੜਲੇ ਸਬੰਧ ਰੱਖਣ ਵਾਲੇ ਰਮਨ ਅਰੋੜਾ ਪੜਤਾਲ ਦੌਰਾਨ ਕਈ ਰਾਜ਼ ਦੱਸ ਸਕਦਾ ਹੈ।
‘ਆਪ’ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੂੰ ਪੂਰੀ ਤਰ੍ਹਾਂ ਕਿਨਾਰੇ ਕਰ ਦਿੱਤਾ ਸੀ। ਪਿਛਲੇ ਮਹੀਨੇ ਤੱਕ ਉਸ ਨੂੰ ਲੋਕਾਂ ਨੂੰ ਮਿਲਣ ਜਾਂ ਦਸਤਾਵੇਜ਼ ਤਸਦੀਕ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਅੱਜ ਤੱਕ ਉਸ ਨੇ ਆਪਣੇ ਵਿਧਾਨ ਸਭਾ ਹਲਕੇ ਵਿਚ ਕਿਸੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਨਹੀਂ ਕੀਤਾ। ਉਸ ਦੀ ਜਗ੍ਹਾ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਹੀ ਸਾਰੇ ਕਾਰਜ ਸੰਭਾਲ ਰਹੇ ਹਨ।