#AMERICA

ਅਮਰੀਕਾ ‘ਚ ਦੋਹਰੇ ਕਤਲਕਾਂਡ ਦੇ ਦੋਸ਼ੀ ਬਰੀਅਨ ਡੋਰਸੀ ਨੂੰ ਲਾਇਆ ਜ਼ਹਿਰ ਦਾ ਟੀਕਾ

ਸੈਕਰਾਮੈਂਟੋ, 11 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੂਰੀ ਰਾਜ ਵਿਚ 2006 ਵਿਚ ਹੋਏ ਦੋਹਰੇਕਤਲ ਕਾਂਡ ਦੇ ਦੋਸ਼ੀ ਬਰੀਅਨ ਡੋਰਸੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਜੇਲ੍ਹ ਦੇ 70 ਤੋਂ ਵਧ ਅਫਸਰਾਂ ਵੱਲੋਂ ਜੇਲ੍ਹ ਵਿਚ ਉਸ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਉਸ ਦਾ ਜੀਵਨ ਬਖਸ਼ ਦੇਣ ਦੀ ਕੀਤੀ। ਅਪੀਲ ਰਾਜ ਦੇ ਰਿਪਬਲੀਕਨ ਗਵਰਨਰ ਵੱਲੋਂ ਰੱਦ ਕਰ ਦੇਣ ਉਪਰੰਤ ਉਸ  ਨੂੰ ਬੀਤੇ ਦਿਨ ਸ਼ਾਮ 6.11 ਵਜੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ। ਇਹ ਜਾਣਕਾਰੀ ਮਿਸੂਰੀ ਜੇਲ੍ਹ ਵਿਭਾਗ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਡੋਰਸੀ ਦੀ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਫਾਂਸੀ ਤੋਂ ਪਹਿਲਾਂ ਆਪਣੇ ਆਖਰੀ ਬਿਆਨ ਵਿਚ ਡੋਰਸੀ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਮ੍ਰਿਤਕਾਂ ਸਾਰਾਹ ਬੋਨੀ ਤੇ ਬੈਨਜਾਮਿਨ ਬੋਨੀ ਦੇ ਪਰਿਵਾਰ ਤੋਂ ਮੁਆਫੀ ਮੰਗੀ। ਡੋਰਸੀ ਨੂੰ ਆਪਣੀ ਭਤੀਜੀ ਸਾਰਾਹ ਬੋਨੀ ਤੇ ਉਸ ਦੇ ਪਤੀ ਬੈਨਜਾਮਿਨ ਦੀ ਹੱਤਿਆ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।