ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸਾਨ ਫਰਾਂਸਿਸਕੋ ਬੇਅ ਇਲਾਕੇ ਦੇ ਨੇੜੇ ਪਲੇਸੈਂਟਨ ਵਿਚ ਇੱਕ ਇਲੈਕਟ੍ਰਿਕ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਕਾਰ ਸਵਾਰ ਇੱਕ ਮਲਿਆਲੀ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮਰਨ ਵਾਲਿਆਂ ‘ਚ ਤਰੁਣ ਜਾਰਜ, ਉਸ ਦੀ ਪਤਨੀ ਰਿੰਸੀ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ।
ਇਹ ਹਾਦਸਾ ਬੁੱਧਵਾਰ ਰਾਤ ਕਰੀਬ 9.30 ਵਜੇ ਦੇ ਕਰੀਬ ਸਟੋਨਰਿਜ ਡਰਾਈਵ ਨੇੜੇ ਵਾਪਰਿਆ। ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦਰਦਨਾਕ ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਸੜ ਗਈ ਤੇ ਕਾਰ ਸਵਾਰ 4 ਲੋਕ ਕਾਰ ‘ਚੋਂ ਬਾਹਰ ਨਾ ਨਿਕਲ ਸਕੇ ਤੇ ਉਨ੍ਹਾਂ ਦੀ ਵੀ ਮੌਕੇ ‘ਤੇ ਹੀ ਸੜ ਜਾਣ ਕਾਰਨ ਮੌਤ ਹੋ ਗਈ।
ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਕੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਕੋਈ ਵੀ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇਗੀ।
ਪਲੇਸੈਂਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਮਾਰੇ ਗਏ ਬੱਚੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸਨ ਤੇ ਤਰੁਣ ਜਾਰਜ ਇੱਕ ਤਕਨੀਕੀ ਕੰਪਨੀ ‘ਚ ਕੰਮ ਕਰਦਾ ਸੀ। ਯੂਨੀਫਾਈਡ ਪਲੇਸੈਂਟਨ ਸਕੂਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਆਪਣੇ ਮਾਤਾ-ਪਿਤਾ ਨਾਲ ਮਾਰੇ ਗਏ ਬੱਚਿਆਂ ਵਿਚੋਂ ਇੱਕ ਮਿਡਲ ਸਕੂਲ ਅਤੇ ਦੂਜਾ ਐਲੀਮੈਂਟਰੀ ਸਕੂਲ ਵਿਚ ਪੜ੍ਹਦਾ ਸੀ।
ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਕੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਕੋਈ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ, ਜਾਂਚ ਦੌਰਾਨ ਕੋਈ ਵੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇਗੀ।