#AMERICA

ਅਦਾਲਤ ਵੱਲੋਂ ਹਾਰਵਰਡ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ‘ਤੇ ਰੋਕ

-ਟਰੰਪ ਪ੍ਰਸ਼ਾਸਨ ਨੇ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਦੀ ਮਾਨਤਾ ਕੀਤੀ ਸੀ ਰੱਦ
ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਇਥੋਂ ਦੇ ਇੱਕ ਸੰਘੀ ਜੱਜ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਹਾਰਵਰਡ ਯੂਨੀਵਰਸਿਟੀ ਦੀ ਯੋਗਤਾ ਨੂੰ ਰੱਦ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਰੋਕ ਦਿੱਤਾ ਹੈ। ਅਦਾਲਤ ਨੇ ਫਿਲਹਾਲ ਇਸ ਮਾਮਲੇ ‘ਤੇ ਅਸਥਾਈ ਰੋਕ ਲਾਈ ਹੈ। ਜ਼ਿਕਰਯੋਗ ਹੈ ਕਿ ਹਾਰਵਰਡ ਯੂਨੀਵਰਸਿਟੀ ਨੇ ਅੱਜ ਸਵੇਰੇ ਮੈਸਾਚਿਊਸੇਟਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਕੇਸ ਦਾਇਰ ਕਰਕੇ ਟਰੰਪ ਪ੍ਰਸ਼ਾਸਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ (ਐੱਸ.ਈ.ਵੀ.ਪੀ.) ਦੀ ਮਾਨਤਾ ਰੱਦ ਕਰ ਦਿੱਤੀ ਸੀ, ਜਿਸ ਤਹਿਤ ਯੂਨੀਵਰਸਿਟੀ 2025-2026 ਸਿੱਖਿਆ ਸੈਸ਼ਨ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨਹੀਂ ਕਰ ਸਕੇਗੀ। ਅਮਰੀਕੀ ਪ੍ਰਸ਼ਾਸਨ ਨੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਖ਼ਿਲਾਫ਼ ਵੀ ਅਜਿਹੀ ਕਾਰਵਾਈ ਹੋ ਸਕਦੀ ਹੈ।