ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਅਜਨਾਲਾ ਕਾਂਡ ‘ਤੇ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸਖ਼ਤੀ ਦਿਖਾਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅਜਨਾਲਾ ਥਾਣੇ ‘ਤੇ ਹਮਲੇ ਨੂੰ ਲੈ ਕੇ ਐੱਮ.ਐੱਚ.ਏ. (ਮਿਨੀਸਟਰੀ ਆਫ ਹੋਮ ਅਫੇਅਰ) ਨੇ ਪੰਜਾਬ ਪੁਲਸ ਤੇ IB ਤੋਂ ਮੰਗੀ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਲੈ ਕੇ ਗ੍ਰਹਿ ਮੰਤਰਾਲਾ ਸੁੱਰਖਿਆ ਏਜੰਸੀਆਂ ਦੇ ਸੰਪਰਕ ‘ਚ ਹੈ। ਸੂਤਰਾਂ ਮੁਤਾਬਕ, IB ਨੇ ਘਟਨਾਕ੍ਰਮ ਦੇ ਸੰਬੰਧ ‘ਚ ਇਕ ਵਿਸਥਾਰਿਤ ਰਿਪੋਰਟ ਤਿਆਰ ਕਰਕੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੂੰ ਸੌਂਪੀ ਹੈ। ਦੱਸਣਯੋਗ ਹੈ ਕਿ ਅਜਨਾਲਾ ਪੁਲਸ ਵਲੋਂ ਬੀਤੇ ਦਿਨੀਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਵਿਰੋਧ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦਾ ਸਮਰਥਕਾਂ ਸਮੇਤ ਘਿਰਾਓ ਕੀਤਾ ਗਿਆ, ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਥਾਣੇ ’ਤੇ ਕਬਜ਼ਾ ਵੀ ਕਰ ਲਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਵਲੋਂ ਥਾਣੇ ਦੇ ਘਿਰਾਓ ਮੌਕੇ ਪਾਲਕੀ ਸਾਹਿਬ ਨਾਲ ਲੈ ਕੇ ਜਾਣ ’ਤੇ ਚੁਫੇਰਿਓਂ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਦਰਮਿਆਨ ਸ਼ੁੱਕਰਵਾਰ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਤੂਫਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ। ਤੂਫਾਨ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਇਸ ਲਈ ਉਹ ਸਾਰੇ ਪੁਲਸ ਅਫਸਰਾਂ ਦਾ ਧੰਨਵਾਦ ਕਰਦੇ ਹਨ।