ਮੁੰਬਈ, 27 ਫਰਵਰੀ (ਪੰਜਾਬ ਮੇਲ)- ਫਿਲਮੀ ਅਦਾਕਾਰ ਅਕਸ਼ੈ ਕੁਮਾਰ ਇਨ੍ਹਾਂ ਦਿਨਾਂ ਅਪਣੀ ਆਉਣ ਵਾਲੀ ਫਿਲਮ ਸੈਲਫੀ ਨੂੰ ਲੈ ਕੇ ਚਰਚਾ ਵਿਚ ਹਨ। ਇਹ ਫਿਲਮ 24 ਫਰਵਰੀ 2023 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਐਕਟਰ ਆਪਣੀ ਪੂਰੀ ਟੀਮ ਦੇ ਨਾਲ ਇਨ੍ਹਾਂ ਦਿਨਾਂ ਫਿਲਮ ਪ੍ਰਮੋਸ਼ਨ ਕਰਨ ਵਿਚ ਲੱਗੇ ਹੋਏ ਹਨ। ਇਸ ਵਿਚਾਲੇ ਅਕਸ਼ੈ ਨੇ ਇੱਕ ਇੰਟਰਵਿਊ ‘ਚ ਅਪਣੀ ਕੈਨੇਡੀਅਨ ਨਾਗਰਿਕਤਾ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਉਨ੍ਹਾਂ ਦੇ ਲਈ ਸਭ ਕੁਝ ਹੈ ਅਤੇ ਉਹ ਜਲਦ ਹੀ ਕੈਨੇਡਾ ਦੀ ਨਾਗਰਿਕਤਾ ਛੱਡ ਦੇਣਗੇ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਅਕਸ਼ੈ ਕੁਮਾਰ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਅਕਸਰ ਟਰੋਲਰਸ ਦੇ ਨਿਸ਼ਾਨੇ ‘ਤੇ ਰਹਿੰਦੇ ਹਨ। ਅਕਸ਼ੈ ਦੀ ਨਾਗਰਿਕਤਾ ‘ਤੇ ਅਕਸਰ ਸਵਾਲ ਚੁੱਕੇ ਜਾਂਦੇ ਹਨ। ਇਸ ਵਿਚਾਲੇ ਹੁਣ ਉਨ੍ਹਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਲਈ ਸਭ ਕੁਝ ਹੈ ਅਤੇ ਉਹ ਪਹਿਲਾਂ ਹੀ ਪਾਸਪੋਰਟ ਵਿਚ ਬਦਲਾਅ ਦੇ ਲਈ ਅਪਲਾਈ ਕਰ ਚੁੱਕੇ ਹਨ।
ਅਕਸ਼ੈ ਕੁਮਾਰ ਨੇ ਕਿਹਾ ਕਿ ਮੈਨੂੰ ਬੁਰਾ ਲੱਗਦਾ ਹੈ, ਜਦ ਕੋਈ ਮੇਰੀ ਨਾਗਰਿਕਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਭਾਰਤ ਮੇਰੇ ਲਈ ਸਭ ਕੁਝ ਹੈ। ਮੈਂ ਹੁਣ ਤੱਕ ਜੋ ਵੀ ਕਮਾਇਆ, ਜੋ ਕੁਝ ਵੀ ਪਾਇਆ ਹੈ, ਇਹ ਸਭ ਕੁਝ ਭਾਰਤ ਵਿਚ ਰਹਿੰਦੇ ਕੀਤੇ। ਬੁਰਾ ਲੱਗਦਾ ਹੈ, ਜਦ ਲੋਕ ਬਗੈਰ ਕੁਝ ਜਾਣੇ ਕੁਝ ਵੀ ਕਹਿੰਦੇ ਹਨ।