#INDIA

ਹਰੇਕ ਪੰਜ ਵਿਦਿਆਰਥੀ ਵੀਜ਼ਿਆਂ ‘ਚੋਂ ਇਕ ਭਾਰਤ ‘ਚ ਜਾਰੀ ਕੀਤਾ : ਅਮਰੀਕਾ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਅੱਜ ਕਿਹਾ ਕਿ 2022 ਵਿਚ ਹਰੇਕ ਪੰਜ ਅਮਰੀਕੀ ਵੀਜ਼ਿਆਂ ‘ਚੋਂ ਇਕ ਵੀਜ਼ਾ ਭਾਰਤ ਵਿਚ ਜਾਰੀ ਕੀਤਾ ਗਿਆ, ਜੋ ਕਿ ਵਿਸ਼ਵ ਵਿਚ ਭਾਰਤੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ।
ਅਮਰੀਕੀ ਦੂਤਾਵਾਸ ਨੇ ਬੀਤੇ ਦਿਨੀਂ ਦੇਸ਼ ਭਰ ਵਿਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਵੱਲੋਂ ਦਿੱਲੀ, ਚੇਨੱਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿਚ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਲਏ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ, ”ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਭਾਰਤੀ ਅਮਰੀਕਾ ਆਉਂਦੇ ਹਨ। 2022 ਵਿਚ ਹਰੇਕ ਪੰਜ ਵਿਦਿਆਰਥੀ ਵੀਜ਼ਿਆਂ ‘ਚੋਂ ਇਕ ਵੀਜ਼ਾ ਇਥੇ ਭਾਰਤ ਵਿਚ ਜਾਰੀ ਕੀਤਾ ਗਿਆ, ਜੋ ਕਿ ਵਿਸ਼ਵ ਵਿਚ ਭਾਰਤ ਦੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਭਾਰਤੀਆਂ ਨੇ ਅਮਰੀਕਾ ਵਿਚ ਨਾ ਸਿਰਫ ਸਿੱਖਿਆ ਹਾਸਲ ਕੀਤੀ ਹੈ, ਬਲਕਿ ਦਹਾਕਿਆਂ ਤੱਕ ਆਪਣੀ ਪ੍ਰਤਿਭਾ ਵੀ ਦਿਖਾਈ ਹੈ। ਵਿਦਿਆਰਥੀਆਂ ਲਈ ਅਸੀਂ ਸਭ ਤੋਂ ਵੱਧ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਪਹਿਲਾਂ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਲਈ ਅਤੇ ਵੀਜ਼ਾ ਸਬੰਧੀ ਪ੍ਰੋਗਰਾਮ ਕਰੇਗਾ। ਉਨ੍ਹਾਂ ਕਿਹਾ, ”ਅਗਾਮੀ ਹਫ਼ਤਿਆਂ ‘ਚ ਅਸੀਂ ਜੁਲਾਈ ਤੇ ਅਗਸਤ ਵਾਸਤੇ ਹਜ਼ਾਰਾਂ ਵੀਜ਼ਾ ਅਰਜ਼ੀਆਂ ਸਬੰਧੀ ਪ੍ਰੋਗਰਾਮ ਜਾਰੀ ਕਰਾਂਗੇ।” ਦੂਤਾਵਾਸ ਤੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਅਮਰੀਕੀ ਦੂਤਾਵਾਸ ਨੇ 1,25,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਕਿ ਰਿਕਾਰਡਤੋੜ ਅੰਕੜਾ ਹੈ। 2022 ‘ਚ ਭਾਰਤੀਆਂ ਨੂੰ ਦੁਨੀਆਂ ‘ਚ ਸਭ ਤੋਂ ਵੱਧ ਵੱਧ ਐੱਚ.ਐਂਡ ਐੱਲ. ਰੋਜ਼ਗਾਰ ਵੀਜ਼ਾ (65 ਫ਼ੀਸਦੀ) ਅਤੇ ਐੱਫ-1 ਵਿਦਿਆਰਥੀ ਵੀਜ਼ਾ (17.5 ਫ਼ੀਸਦੀ) ਜਾਰੀ ਕੀਤੇ ਗਏ।
ਪਿਛਲੇ ਸਾਲ ਭਾਰਤ ਤੋਂ 12 ਲੱਖ ਤੋਂ ਵੱਧ ਲੋਕਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ, ਜੋ ਕਿ ਅਮਰੀਕਾ ‘ਚ ਪਹੁੰਚਣ ਵਾਲੇ ਸਭ ਤੋਂ ਵੱਡੇ ਕੌਮਾਂਤਰੀ ਸੈਲਾਨੀਆਂ ਦੇ ਸਮੂਹਾਂ ‘ਚੋਂ ਇਕ ਹੈ। ਭਾਰਤੀ ਵਿਦਿਆਰਥੀ ਅਮਰੀਕਾ ਵਿਚ ਕੁੱਲ ਕੌਮਾਂਤਰੀ ਵਿਦਿਆਰਥੀਆਂ ਦੇ 21 ਫੀਸਦੀ ਨਾਲੋਂ ਵੱਧ ਹਨ। ਅਕਾਦਮਿਕ ਸਾਲ 2021-22 ਦੌਰਾਨ ਕਰੀਬ ਦੋ ਲੱਖ ਭਾਰਤੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਸਨ।

Leave a comment