ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ 10.22 ਕਿਲੋ ਸੋਨਾ ਕੀਤਾ ਬਰਾਮਦ

751
Share

ਅੰਮ੍ਰਿਤਸਰ, 17 ਜੁਲਾਈ (ਪੰਜਾਬ ਮੇਲ)- ਕਰੋਨਾ ਸੰਕਟ ਦੌਰਾਨ ਖਾੜੀ ਮੁਲਕਾਂ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਪਰਤ ਰਹੇ ਛੇ ਯਾਤਰੀਆਂ ਕੋਲੋਂ ਦੋ ਵੱਖ-ਵੱਖ ਮਾਮਲਿਆਂ ਵਿਚ ਕਸਟਮ ਵਿਭਾਗ ਨੇ ਲਗਪਗ 10.22 ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਪੰਜ ਕਰੋੜ ਰੁਪਏ ਹੈ। ਇਸ ਸਬੰਧ ਵਿਚ ਕਸਟਮ ਵਿਭਾਗ ਨੇ ਛੇ ਯਾਤਰੂਆਂ ਨੂੰ ਹਿਰਾਸਤ ਵਿਚ ਲਿਆ ਹੈ। ਕਸਟਮ ਵਿਭਾਗ ਨੇ ਇਹ ਸੋਨਾ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ ਵੱਖ ਉਡਾਣਾਂ ਰਾਹੀਂ ਦੁਬਈ ਤੋਂ ਪਰਤੇ ਯਾਤਰੂਆਂ ਕੋਲੋਂ ਬਰਾਮਦ ਕੀਤਾ ਹੈ, ਜੋ ਉਨ੍ਹਾਂ ਨੇ ਵੱਖ ਵੱਖ ਉਪਕਰਨਾਂ ਵਿਚ ਲੁਕਾਇਆ ਹੋਇਆ ਸੀ। ਇਸ ਸਬੰਧੀ ਕਸਟਮ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਅਤੇ ਕੱਲ ਦੋ ਉਡਾਣਾਂ ਰਾਹੀਂ ਪਰਤੇ ਛੇ ਯਾਤਰੂਆਂ ਕੋਲੋਂ ਇਹ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਪ੍ਰੈਸ, ਡਰਿੱਲ ਮਸ਼ੀਨ, ਜੂਸਰ ਮਿਕਸਰ ਵਿਚ ਲੁਕਾਇਆ ਹੋਇਆ ਸੀ। ਉਡਾਣ ਬੀਤੀ ਰਾਤ ਦੁਬਈ ਤੋਂ ਆਈ ਸੀ, ਜਿਸ ’ਤੇ ਪੰਜ ਯਾਤਰੂਆ ਕੋਲੋਂ ਇਹ ਸਾਮਾਨ ਬਰਾਮਦ ਹੋਇਆ। ਇਸੇ ਤਰ੍ਹਾਂ ਅੱਜ ਏਅਰ ਅਰਬੀਆ ਦੀ ਉਡਾਣ ਰਾਹੀਂ ਆਏ ਇਕ ਯਾਤਰੀ ਕੋਲੋਂ ਵੀ ਸੋਨਾ ਬਰਾਮਦ ਹੋਇਆ ਹੈ। ਇਹ ਬਰਾਮਦ ਕੀਤਾ ਸੋਨਾ 10.22 ਕਿਲੋ ਹੈ। ਸੋਨਾ 24 ਕੈਰੇਟ ਹੈ।


Share