100 ਫੀਸਦੀ ਆਪਣੀ ਕਮਾਈ ਲੋੜਵੰਦਾਂ ਤੇ ਖਰਚ ਕਰਨ ਵਾਲੇ ਡਾ. ਉਬਰਾਏ ਆਪਣੇ ਆਪ ‘ਚ ਖੁੱਦ ਮਿਸਾਲ ਹਨ : ਜਥੇਦਾਰ ਬਲਜੀਤ ਸਿੰਘ ਦਾਦੂਵਾਲ
ਬਟਾਲਾ, 2 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾਕਟਰ ਐੱਸ ਪੀ ਸਿੰਘ ਓਬਰਾਏ ਦੁਬਈ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ ਪਰ ਉਪਕਾਰੀ ਕਾਰਜਾਂ ਦੇ ਤਹਿਤ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਰੇਲਵੇ ਰੋਡ ਕਾਦੀਆਂ ਜਿਲ੍ਹਾ ਗੁਰਦਾਸਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਨੀ ਉਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ। ਜਿਸ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਦੇ ਲਈ ਕਰਵਾਏ ਗਏ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐੱਸ ਪੀ ਸਿੰਘ ਓਬਰਾਏ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾਕਟਰ ਸਤਨਾਮ ਸਿੰਘ ਨਿੱਝਰ ਸ਼ਾਮਲ ਹੋਏ। ਜਦ ਕਿ ਟਰੱਸਟ ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾਕਟਰ ਦਲਜੀਤ ਸਿੰਘ ਗਿੱਲ , ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਟਰੱਸਟ ਦੇ ਸੈਕਟਰੀ ਇੰਦਰਪ੍ਰੀਤ ਸਿੰਘ ਰਿੱਕੀ, ਅੰਮ੍ਰਿਤਸਰ ਟਰੱਸਟ ਦੇ ਸੈਕਟਰੀ ਨਵਜੀਤ ਸਿੰਘ ਘਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ , ਨਗਰ ਨਿਗਮ ਬਟਾਲਾ ਦੇ ਕੌਂਸਲਰ ਪਲਵਿੰਦਰ ਸਿੰਘ ਲੰਬੜਦਾਰ ਜ਼ਿਲਾ ਪ੍ਰਧਾਨ ਅਕਾਲੀ ਦਲ ਐਸ ਸੀ ਵਿੰਗ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਸਕੱਤਰ ਹਰਪ੍ਰੀਤ ਸਿੰਘ, ਭਾਈ ਜਗਜੀਤ ਸਿੰਘ , ਗ੍ਰੰਥੀ ਚਰਨਜੀਤ ਸਿੰਘ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪੈਣ ਉਪਰੰਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਗਈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋਂ ਦੇਸ਼-ਵਿਦੇਸ਼ ਦੇ ਅੰਦਰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਚੁੱਕਣ ਦੇ ਲਈ ਬਹੁਤ ਹੀ ਨੇਕ ਕਾਰਜ ਕੀਤੇ ਜਾ ਰਹੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਆਪਣੀ ਨੇਕ ਕਿਰਤ ਕਮਾਈ ਦਾ 100 ਫੀਸਦੀ ਹਿੱਸਾ ਗਰੀਬਾਂ ਲੋੜਵੰਦਾਂ ਤੇ ਖਰਚ ਕਰਦਿਆਂ ਡਾਕਟਰ ਉਬਰਾਏ ਵੱਲੋਂ ਮਾਨਵਤਾ ਨੂੰ ਵੱਡੇ ਪੱਧਰ ਤੇ ਰਾਹਤ ਦਿੱਤੀ ਜਾ ਰਹੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡਾਕਟਰ ਉਬਰਾਏ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਆਪਣੇ ਆਪ ਦੇ ਵਿਚ ਖੁੱਦ ਇੱਕ ਮਿਸਾਲ ਹਨ। ਕਿਉਂਕਿ ਡਾਕਟਰ ਉਬਰਾਏ ਵੱਲੋਂ ਹੱਦਾਂ-ਸਰਹੱਦਾਂ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਲਾਮਿਸਾਲ ਕਾਰਜਾਂ ਦਾ ਖੁਲਾਸਾ ਸ਼ਬਦਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ । ਜਥੇਦਾਰ ਦਾਦੂਵਾਲ ਨੇ ਡਾਕਟਰ ਉਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਪਰਮਾਤਮਾ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ । ਇਸ ਮੌਕੇ ਟਰੱਸਟ ਦੇ ਮੁੱਖੀ ਡਾਕਟਰ ਐਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਅੰਦਰ ਇਹ 100 ਲੈਬ ਖੁੱਲ੍ਹਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਦੇ ਤਹਿਤ ਅੱਜ ਆਧੁਨਿਕ ਸਹੂਲਤਾਂ ਨਾਲ ਲੈਸ 86ਵੀਂ ਲੈਬ ਦੀ ਸ਼ੁਰੂਆਤ ਕਾਦੀਆ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੀਤੀ ਗਈ ਹੈ। ਡਾਕਟਰ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਦ ਕਿ ਵੱਖ ਵੱਖ ਥਾਵਾਂ ਤੇ ਖੋਲ੍ਹੀਆਂ ਗਈਆਂ ਲੈਬੋਰਟਰੀਆਂ ਦੇ ਨਾਲ ਡਿਜ਼ੀਟਲ ਐਕਸਰੇ , ਫਿਜੀਓਥਰੈਪੀ ਸੈਂਟਰ ਅਤੇ ਡੈਂਟਲ ਕਲੀਨਿਕ ਦੀ ਸਹੂਲਤ ਵੀ ਹਰ ਵਰਗ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਹੀ ਬਟਾਲਾ ਸ਼ਹਿਰ ਦੇ ਅੰਦਰ ਸਫਲਤਾਪੂਰਵਕ ਚੱਲ ਰਹੀ ਲੈਬ ਸਮੁੱਚੇ ਜ਼ਿਲ੍ਹੇ ਲਈ ਵਰਦਾਨ ਸਾਬਤ ਹੋ ਰਹੀ ਹੈ, ਉੱਥੇ ਨਾਲ ਹੀ ਜਥੇਦਾਰ ਦਾਦੂਵਾਲ ਦੇ ਜੱਦੀ ਇਲਾਕੇ ਕਾਦੀਆਂ ਵਿਖੇ ਖੋਲੀ ਲੈਬ ਵੱਡੇ ਪੱਧਰ ਤੇ ਹਰ ਵਰਗ ਨੂੰ ਰਾਹਤ ਦੇਵੇਗੀ। ਇਸ ਦੌਰਾਨ ਟਰੱਸਟੀ ਡਾ. ਸਤਨਾਮ ਸਿੰਘ ਨਿੱਝਰ ਅਤੇ ਅਤੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਜ਼ਿਲ੍ਹੇ ਅੰਦਰ ਦੂਸਰੀ ਲੈਬ ਖੁੱਲਣ ਤੇ ਡਾ. ਉਬਰਾਏ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਡਾਕਟਰ ਉਬਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਲਾਮਿਸਾਲ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਜਦ ਕਿ ਟਰੱਸਟ ਦੇ ਮੁਖੀ ਡਾਕਟਰ ਐੱਸ ਪੀ ਸਿੰਘ ਓਬਰਾਏ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਡਾਕਟਰ ਸਤਨਾਮ ਸਿੰਘ ਨਿੱਝਰ ਵੱਲੋਂ ਫੀਤਾ ਕੱਟ ਕੇ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਡਾਕਟਰਾਂ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਹਾਜਰ ਸਨ।